ਤਲਵਾੜਾ, 6 ਅਕਤੂਬਰ (ਬਲਦੇਵ ਰਾਜ ਟੋਹਲੂ)- ਪੁਰਾਣਾ ਤਲਵਾੜਾ ਦੇ ਹਾਈ ਸਕੂਲ ਦੀ ਗਰਾਊਂਡ ਵਿਖੇ ਨਵਯੁਵਕ ਰਾਮਲੀਲਾ ਤੇ ਦੁਸ਼ਹਿਰਾ ਕਮੇਟੀ ਵੱਲੋ ਬਦੀ ਤੇਂ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸ਼ਹਿਰੇ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਜਿਸ ਦੇ ਵਿੱਚ ਇਲਾਕੇ ਦੇ ਹਜਾਰਾਂ ਲੋਕਾਂ ਨੇ ਸ਼ਮੂਲੀਅਤ ਕੀਤੀ। ਨਵਯੁਵਕ ਰਾਮਲੀਲਾ ਤੇ ਦੁਸ਼ਹਿਰਾ (ਰਜਿ.) ਕਮੇਟੀ ਦੇ ਪ੍ਰਧਾਨ ਕੁਲਦੀਪ ਦੀਪੂ, ਹਰਿਓਮ ਸ਼ਰਮਾ ਤੇ ਰਾਜੇਸ਼ ਗੌਤਮ ਦੀ ਪ੍ਰਧਾਨਗੀ ਹੇਠਾਂ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਸਿਆਸੀ ਅਤੇ ਸਮਾਜਿਕ ਆਗੂਆਂ ਅਤੇ ਪਤਵੰਤਿਆਂ ਨੇ ਸ਼ਮੂਲੀਅਤ ਕੀਤੀ।
ਇਸ ਪ੍ਰੋਗਰਾਮ ਵਿੱਚ ਓੁੱਘੇ ਤੇ ਸਿਰਕੱਢ ਸਮਾਜ ਸੇਵੀ ਸ਼੍ਰੀ ਸੁਸ਼ੀਲ ਸ਼ਰਮਾ ਪਿੰਕੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਇਲਾਕਾ ਨਿਵਾਸੀਆਂ ਨੂੰ ਦੁਸਹਿਰੇ ਦੇ ਪਵਿੱਤਰ ਤਿਉਹਾਰ ਦੀ ਵਧਾਈ ਦਿੰਦੇ ਹੋਏ ਮਰਿਆਦਾ ਪ੍ਰਸ਼ੋਤਮ ਭਗਵਾਨ ਸ਼੍ਰੀ ਰਾਮ ਜੀ ਦੇ ਦਰਸਾਏ ਮਾਰਗ ਉੱਤੇ ਚਲਣ ਲਈ ਸਭ ਨੂੰ ਪ੍ਰੇਰਿਤ ਕੀਤਾ, ਓਹਨਾਂ ਨੇ ਆਪਣੇ ਅੰਦਰਲੇ ਰਾਵਣ ਨੂੰ ਮਾਰਨ ਦੇ ਨਾਲ-ਨਾਲ ਸਭ ਤੋਂ ਪਹਿਲਾਂ ਰਾਜਨੀਤਿਕ ਭਰਿਸ਼ਟਾਚਾਰ ਦਾ ਰੂਪ ਧਾਰ ਚੁੱਕੇ ਰਾਵਣ ਨੂੰ ਮਾਰਨ ਦਾ ਸੱਦਾ ਦਿੱਤਾ। ਅਭਿਮਾਨੀ ਰਾਵਣ, ਕੁੰਭਕਰਣ ਅਤੇ ਮੇਘਨਾਥ ਦੇ 50 ਫੁੱਟ ਉੱਚੇ ਪੁਤਲੇ ਨੂੰ ਸਮਾਜ ਸੇਵਕ ਸ਼੍ਰੀ ਸੁਸ਼ੀਲ ਸ਼ਰਮਾ ਪਿੰਕੀ, ਐਡਵੋਕੇਟ ਰਾਜੀਵ ਸ਼ਰਮਾ ਨੇ ਅਗਨੀ ਦਿੱਤੀ।
ਪਿਛਲੇ 50 ਸਾਲਾਂ ਤੋਂ ਦੁਸ਼ਹਿਰਾ ਮਨਾ ਰਹੇ ਪ੍ਰਬੰਧਕਾਂ ਵੱਲੋ ਮੁੱਖ ਮਹਿਮਾਨ ਸ਼੍ਰੀ ਸੁਸ਼ੀਲ ਸ਼ਰਮਾ ਪਿੰਕੀ ਅਤੇ ਪਤਵੰਤੇ ਸੱਜਣਾਂ ਨੂੰ ਇੱਕ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਕਟਰ ਧਰੁਵ ਸਿੰਘ, ਐਡਵੋਕੇਟ ਰਾਜੀਵ ਸ਼ਰਮਾ, ਵਿਕਰਾਂਤ ਜੋਤੀ, ਐਮ.ਸੀ. ਮੁਨੀਸ਼ ਚੱਢਾ, ਨਗਰ ਕੌਂਸਲ ਪ੍ਰਧਾਨ ਮੋਨਿਕਾ ਸ਼ਰਮਾ, ਵਾਇਸ ਪ੍ਰਧਾਨ ਜੋਗਿੰਦਰ ਪਾਲ ਛਿੰਦਾ, ਸਾਬਕਾ ਵਿਧਾਇਕ ਮਿੱਕੀ ਡੋਗਰਾ ਅਤੇ ਥਾਣਾ ਮੁਖੀ ਹਰਗੁਰਦੇਵ ਸਿੰਘ ਹਾਜ਼ਰ ਸਨ।