ਮੁਕੇਰੀਆਂ/ਤਲਵਾੜਾ, 29 ਸਤੰਬਰ (ਬਲਦੇਵ ਰਾਜ ਟੋਹਲੂ)- ਸਬ ਡਵੀਜ਼ਨ ਮੁਕੇਰੀਆਂ ਅਧੀਨ ਆਉਂਦੇ ਪਿੰਡ ਮਹਿਤਾਬਪੁਰ ਦੇ ਸਰਕਾਰੀ ਜੰਗਲ ’ਚ ਨਾਜ਼ਾਇਜ਼ ਕਬਜ਼ੇ ਛੁਡਵਾਓੁਣ ਵਿੱਚ ਪ੍ਰਸ਼ਾਸਨ ਬੇਵੱਸ ਦਿਖਾਈ ਦੇ ਰਿਹਾ ਹੈ। ਹਾਲਾਂਕਿ ਜੰਗਲਾਤ ਵਿਭਾਗ ਦੀ ਸ਼ਿਕਾਇਤ ’ਤੇ ਪੁਲੀਸ ਪ੍ਰਸ਼ਾਸਨ ਨੇ ਨਾਜਾਇਜ਼ ਕਬਜ਼ਾਕਾਰਾਂ ’ਤੇ ਕਰੀਬ ਇੱਕ ਦਰਜਨ ਮਾਮਲੇ ਦਰਜ ਕੀਤੇ ਹਨ ਪਰ ਬਾਵਜੂਦ ਇਸ ਦੇ ਸਾਲ 2017-18 ’ਚ ਜੰਗਲਾਤ ਮਹਕਿਮੇ ਵੱਲੋਂ ਛੁਡਵਾਈ ਜ਼ਮੀਨ ’ਤੇ ਨਾਜਾਇਜ਼ ਕਬਜ਼ਾਕਾਰਾਂ ਨੇ ਮੁੜ ਕਬਜ਼ਾ ਕਰ ਲਗਾਏ ਦਰੱਖਤ ਵੱਢ ਦਿੱਤੇ ਹਨ। ਨਾਜਾਇਜ਼ ਕਬਜ਼ਾਕਾਰਾਂ ਨੇ ਜੰਗਲ ਦੇ ਸਰਕਾਰੀ ਰਸਤਿਆਂ ’ਤੇ ਨਾਕੇ ਲਗਾ ਕੇ ਆਪਣੇ ਬੰਦੇ ਖੜ੍ਹੇ ਕਰ ਦਿੱਤੇ ਹਨ, ਜੰਗਲਾਤ ਵਿਭਾਗ ਦੀ ਜੰਗਲ ’ਚ ਐਂਟਰੀ ਮੁਕੰਮਲ ਤੌਰ ਤੇ ਬੰਦ ਕਰ ਦਿੱਤੀ ਹੈ। ਉਧਰ ਕਥਿਤ ਕਬਜ਼ਾਕਾਰਾਂ ਨੇ ਜੰਗਲਾਤ ਵਿਭਾਗ ਅਤੇ ਪ੍ਰਸ਼ਾਸਨ ’ਤੇ ਉਨ੍ਹਾਂ ਵੱਲੋਂ ਆਬਾਦ ਕੀਤੀਆਂ ਜ਼ਮੀਨਾਂ ’ਤੇ ਬੂਟੇ ਲਾ ਕੇ ਜ਼ਬਰੀ ਕਬਜ਼ਾ ਕਰਨ ਦੇ ਦੋਸ਼ ਲਗਾਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਨੰਬਰ 39/188/ 2001/ ਐਫਟੀ- 3-143 ਮਿਤੀ 03/01/2022 ਤਹਿਤ ਪਿੰਡ ਮਹਿਤਾਬਪੁਰ ’ਚ ਕੁੱਲ 340 ਏਕੜ ਜ਼ਮੀਨ ’ਤੇ ਨੋਟੀਫਾਈਡ ਜੰਗਲ ਹੈ। ਜਿਸ ਨੂੰ ਜੰਗਲਾਤ ਵਿਭਾਗ ਨੇ ਸੰਨ 1975 ਵਿੱਚ ਮੁੜ ਵਸੇਬਾ ਵਿਭਾਗ ਤੋਂ ਖਰੀਦਿਆ ਸੀ। ਸਾਲ ‘ਚ 2017-18 ਵਿੱਚ ਵਣ ਵਿਭਾਗ ਨੇ ਨਿਸ਼ਾਨਦੇਹੀ ਕਰਵਾਕੇ ਹੱਦਬੰਦੀ ਕੀਤੀ ਅਤੇ ਪਹਿਲੇ ਸਾਲ ਪੰਜ ਹਜ਼ਾਰ ਬੂਟੇ ਲਗਾਏ । ਸਾਲ 2018-19 ਵਿੱਚ ਨਾਜਾਇਜ਼ ਕਬਜ਼ਾਕਾਰਾਂ ਵੱਲੋਂ ਰੱਕਬਾ ਛੁਡਵਾ ਕੇ 105000 ਹਜ਼ਾਰ ਨਵੇਂ ਬੂਟੇ ਲਗਾਏ ਗਏ। ਬੂਟਿਆਂ ਦੀ ਸੁਰੱਖਿਆ ਲਈ ਜੰਗਲ ਦੀ ਹੱਦ ’ਤੇ ਲੋਹ ਦੇ ਐਂਗਲ ਲਗਾ ਕੇ ਤਾਰਬੰਦੀ ਕੀਤੀ ਪਰ ਨਿਰਮਲ ਸਿੰਘ, ਸਹਿਜਪ੍ਰੀਤ ਸਿੰਘ, ਮਨਦੀਪ ਸਿੰਘ, ਗੁਰਨਾਮ ਸਿੰਘ, ਪਾਲਾ ਰਾਮ, ਮੰਗਲ ਦਾਸ, ਸੋਮ ਰਾਜ ਆਦਿ ਨੇ ਲੋਹੇ ਦੇ ਐਂਗਲ ਬਗੈਰਾ ਚੋਰੀ ਕਰ ਲਏ ਅਤੇ ਬੂਟਿਆਂ ਨੂੰ ਕਈ ਵਾਰ ਵੱਢਿਆ।
ਵਣ ਵਿਭਾਗ ਨੇ ਉਕਤ ਵਿਅਕਤੀਆਂ ਖ਼ਿਲਾਫ ਸਾਲ 2018 -19 ਵਿੱਚ ਤਿੰਨ ਮਾਮਲੇ ਥਾਣਾ ਮੁਕੇਰੀਆਂ ਅਤੇ ਇੱਕ ਥਾਣਾ ਪੁਰਾਣਾ ਸ਼ਾਲਾ ਜ਼ਿਲ੍ਹਾ ਗੁਰਦਾਸਪੁਰ ’ਚ ਦਰਜ ਕਰਵਾਏ ਸਨ। ਇਸ ਦੇ ਬਾਵਜੂਦ ਉਕਤ ਵਿਅਕਤੀਆਂ ਨੇ ਜੰਗਲ ਦੀ ਜ਼ਮੀਨ ’ਤੇ ਕਥਿਤ ਕਾਰਵਾਈਆਂ ਜ਼ਾਰੀ ਰੱਖੀਆਂ। ਵਣ ਵਿਭਾਗ ਨੇ ਇਸ ਸਾਲ ਥਾਣਾ ਮੁਕੇਰੀਆਂ ’ਚ ਉਕਤ ਵਿਅਕਤੀਆਂ ਖ਼ਿਲਾਫ਼ ਮਾਰਚ ਮਹੀਨੇ ਤਿੰਨ ਮਾਮਲੇ ਦਰਜ ਕਰਵਾਏ। ਜਦਕਿ ਜੰਗਲ ਦਾ ਓੁਜਾੜਾ ਲਗਾਤਾਰ ਜ਼ਾਰੀ ਹੈ, ਜਿਸ ਦੇ ਚੱਲਦਿਆਂ ਮੁਕੇਰੀਆਂ ਪੁਲੀਸ ਨੇ ਜੰਗਲਾਤ ਵਿਭਾਗ ਦੀ ਸ਼ਿਕਾਇਤ ’ਤੇ ਜੁਲਾਈ ’ਚ ਦੋ ਅਤੇ ਅਗਸਤ ਮਹੀਨੇ ਇੱਕ ਮਾਮਲਾ ਦਰਜ ਕੀਤਾ ਹੈ। ਦਸ ਮੁਕੱਦਮੇ ਦਰਜ ਹੋਣ ਦੇ ਬਾਵਜੂਦ ਜੰਗਲ ’ਚ ਨਾਜਾਇਜ਼ ਕਬਜ਼ੇ ਬਰਕਰਾਰ ਹਨ ਅਤੇ ਵਣ ਮਹਿਕਮੇ ਵੱਲੋਂ ਲਗਾਏ ਬੂਟਿਆਂ ਨੂੰ ਵੱਢ ਕੇ ਜ਼ਮੀਨ ਪੱਧਰ ਕਰਨ ਦਾ ਸਿਲਸਿਲਾ ਬੇਰੋਕ ਜ਼ਾਰੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲੰਘੀ 15 ਤਾਰੀਕ ਨੂੰ ਨਾਜਾਇਜ਼ ਕਬਜ਼ਾਕਾਰਾਂ ਨੇ ਸਰਕਾਰੀ ਜੰਗਲ ਮਹਿਤਾਬਪੁਰ ਦੇ ਸਾਰੇ ਰਸਤੇ ਬੰਦ ਕਰਕੇ ਰਸਤਿਆਂ ਉਪੱਰ ਆਪਣੇ ਬੰਦੇ ਖੜ੍ਹੇ ਹੇ ਕਰ ਦਿੱਤੇ ਹਨ।
ਸਰਕਾਰੀ ਮੁਲਾਜ਼ਮਾਂ ਦੀ ਐਂਟਰੀ ਬੰਦ ਕਰ ਦਿੱਤੀ ਹੈ। ਕਰੀਬ 2557 ਬੂਟਿਆਂ ਨੇ ਕੱਟ ਕੇ 20-25 ਏਕੜ ਜ਼ਮੀਨ ਵਾਹ ਦਿੱਤੀ ਹੈ। ਵਰ ਰੇਂਜ਼ ਅਫ਼ਸਰ ਮੁਕੇਰੀਆਂ ਲਖਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਅੱਜ ਤੱਕ ਕਥਿਤ ਕਬਜ਼ਾਕਾਰਾਂ ਨੇ 25 ਹਜ਼ਾਰ ਦੇ ਕਰੀਬ ਦਰੱਖਤ ਵੱਢ ਕੇ 80 ਏਕੜ ਦੇ ਕਰੀਬ ਜੰਗਲ ਵਾਹ ਦਿੱਤਾ ਹੈ। ਜੰਗਲ ’ਚ ਮੁਲਾਜ਼ਮਾਂ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ ਹੈ। ਜੰਗਲ ‘ਚ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ’ਚ ਬੂਟੇ ਵੱਢ ਕੇ ਵਹਾਈ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਉਕਤ ਵਿਅਕਤੀਆਂ ਦੇ ਹੌਂਸਲੇ ਇੰਨੇ ਜ਼ਿਆਦਾ ਬੁਲੰਦ ਹਨ, ਕਿ ਉਹ ਕਿਸੇ ਦਾ ਵੀ ਜਾਨੀ ਮਾਲੀ ਨੁਕਸਾਨ ਕਰ ਸਕਦੇ ਹਨ।
ਕਥਿਤ ਕਬਜ਼ਾਕਾਰਾਂ ਨੇ ਖ਼ੇਤਰ ’ਚ ਪੱਤਰਕਾਰਾਂ ਦੀ ਐਂਟਰੀ ’ਤੇ ਵੀ ਰੋਕ ਲਗਾਈ ਹੋਈ ਹੈ।
ਇਸੇ ਸਾਲ ਮਾਰਚ ਮਹੀਨੇ ਦੇ ਅੰਤਿਮ ਹਫ਼ਤੇ ’ਚ ਵਣ ਵਿਭਾਗ ਦੀ ਸ਼ਿਕਾਇਤ ’ਤੇ ਪੁਲੀਸ ਨੇ ਕਾਰਵਾਈ ਕਰਦਿਆਂ ਨਿਰਮਲ ਸਿੰਘ ਉਰਫ਼ ਨਿੰਮਾ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਜਿਸ ਦੀ ਪਿੱਠ ’ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆਣ ਖੜੀ ਹੋਈ ਸੀ। ਮੁਕੇਰੀਆਂ, ਦਸੂਹਾ ਅਤੇ ਟਾਂਡਾ ’ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਲਗਾਤਾਰ ਧਰਨਾ ਪ੍ਰਦਰਸ਼ਨਾਂ ਦੇ ਚੱਲਦਿਆਂ ਪ੍ਰਸ਼ਾਸਨ ਨੇ ਦਬਾਅ ਹੇਠਾਂ ਨਿਰਮਲ ਸਿੰਘ ਨੂੰ ਛੱਡ ਦਿੱਤਾ ਸੀ।
ਨਿਰਮਲ ਸਿੰਘ ਉਰਫ਼ ਨਿੰਮਾ ਨਾਲ ਫੋਨ ’ਤੇ ਸੰਪਰਕ ਨਹੀਂ ਹੋ ਸਕਿਆ। ਪਰ ਇਸ ਮਾਮਲੇ ’ਚ ਨਾਜਾਇਜ਼ ਕਬਜ਼ਾਕਾਰਾਂ ਦੇ ਹੱਕ ’ਚ ਨਿੱਤਰੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਗੁਰਦਾਸਪੁਰ ਤੋਂ ਆਗੂ ਗੁਰਪ੍ਰਤਾਪ ਸਿੰਘ ਪ੍ਰਸ਼ਾਸਨ ’ਤੇ ਆਬਾਦਕਾਰਾਂ ਵੱਲੋਂ ਆਬਾਦ ਕੀਤੀਆਂ ਜ਼ਮੀਨਾਂ ਓੁਜਾੜ ਕੇ ਧੱਕੇ ਨਾਲ ਜੰਗਲ ਸਥਾਪਿਤ ਕਰਨ ਦੇ ਦੋਸ਼ ਲਗਾਏ। ਉਨ੍ਹਾਂ ਦਾਅਵਾ ਕੀਤਾ ਕਿ ਕਿਸਾਨ ਆਪਣੀ ਜ਼ਮੀਨ ਵਾਪਸ ਲੈਣ ਲਈ ਬਜਿੱਦ ਹਨ ਅਤੇ ਹੁੱਣ ਤੱਕ 100 ਏਕੜ ਜ਼ਮੀਨ ‘ਤੇ ਕਬਜ਼ਾ ਕਰ ਲਿਆ ਹੈ।
ਡੀ.ਐਸ.ਪੀ. ਮੁਕੇਰੀਆਂ ਕੁਲਵਿੰਦਰ ਸਿੰਘ ਨੇ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਸਾਰਾ ਮਾਮਲਾ ਜ਼ਿਲ੍ਹਾ ਪ੍ਰਸ਼ਾਸਨ ਸਮੇਤ ਪੰਜਾਬ ਸਰਕਾਰ ਦੇ ਧਿਆਨ ’ਚ ਹੈ।