ਗੜ੍ਹਦੀਵਾਲਾ, 28 ਸਤੰਬਰ (ਮਲਹੋਤਰਾ)- ਦੁਆਬਾ ਕਿਸਾਨ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸ. ਜੰਗਵੀਰ ਸਿੰਘ ਚੋਹਾਨ ਅਤੇ ਪ੍ਰਧਾਨ ਗੜ੍ਹਦੀਵਾਲਾ ਸ. ਪਰਮਿੰਦਰ ਸਿੰਘ ਸਮਰਾ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਿਸਾਨਾਂ ਦੀਆਂ ਮੁੱਖ ਮੰਗਾਂ ਨੂੰ ਬੰਦ ਪਈ ਸ਼ੂਗਰ ਮਿੱਲ ਫਗਵਾੜਾ ਅਤੇ ਭੋਗਪੁਰ ਨੂੰ ਚਾਲੂ ਕਰਨਾ, ਝੋਨੇ ਦੀ ਫ਼ਸਲ ਦੇ ਮੁਆਵਜ਼ੇ ਲਈ, ਪਰਾਲੀ ਦੀ ਸਾਂਭ-ਸੰਭਾਲ ਲਈ ਤੇ ਲਾਲ ਐਂਟਰੀ ਬੰਦ ਅਤੇ ਗੰਨੇ ਦਾ ਰੇਟ ਵਧਾਉਣ ਲਈ 29 ਸਤੰਬਰ ਨੂੰ 24 ਘੰਟੇ ਲਈ ਅਮ੍ਰਿੰਤਸਰ ਤੋਂ ਦਿੱਲੀ ਰੋਡ ਤੇ ਧੰਨੋਵਾਲੀ ਫਾਟਕ, ਜਲੰਧਰ ਵਿਖੇ ਚੱਕਾ ਜਾਮ ਕੀਤਾ ਜਾਵੇਗਾ ।
ਉਹਨਾਂ ਕਿਹਾ ਕਿ ਅਜਿਹੇ ਧਰਨੇ ਲਾਉਣ ਲਈ ਉਹ ਮਜਬੂਰ ਅਤੇ ਬੇਵੱਸ ਹਨ ਕਿਉਂਕਿ ਜੇਕਰ ਸਰਕਾਰ ਸਮੇਂ ਸਿਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਦੇਵੇ ਤਾਂ ਅਜਿਹੇ ਧਰਨੇ ਲਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਾਡਾ ਮਕਸਦ ਕਿਸੇ ਨੂੰ ਪਰੇਸ਼ਾਨ ਕਰਨਾ ਨਹੀਂ ਹੈ। ਪਰ ਜੇਕਰ ਸਰਕਾਰ ਕਿਸਾਨਾਂ ਦੇ ਮਸਲਿਆਂ ਦਾ ਹੱਲ ਨਹੀਂ ਕਰਦੀ ਹੈ ਤਾਂ ਸਾਨੂੰ ਮਜਬੂਰਨ ਧਰਨੇ ਲਾਉਣੇ ਪੈਂਦੇ ਹਨ ਅਤੇ ਅਖੀਰ ਉਨ੍ਹਾਂ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਇਸ ਧਰਨੇ ਵਿੱਚ ਸ਼ਾਮਲ ਹੋ ਕੇ ਇਸ ਨੂੰ ਸਫਲ ਬਨਾਉਣ।