ਗੜ੍ਹਦੀਵਾਲਾ, 21 ਸਤੰਬਰ (ਮਲਹੋਤਰਾ)- ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਇਕਾਈ ਗੜਦੀਵਾਲਾ ਦੀ ਮੀਟਿੰਗ ਬਲਾਕ ਕਨਵੀਨਰ ਅਤੇ ਜ਼ਿਲਾ ਵਾਈਸ ਪ੍ਰਧਾਨ ਪ੍ਰਿੰਸ ਗੜ੍ਹਦੀਵਾਲਾ ਦੀ ਅਗਵਾਈ ਹੇਠ ਹੋਈ। ਜਿਸ ਵਿਚ ਪ੍ਰਿੰਸ ਗੜ੍ਹਦੀਵਾਲਾ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਐੱਨ.ਪੀ.ਐੱਸ. ਮੁਲਾਜ਼ਮਾਂ ਨੂੰ ਆਸ ਦੀ ਕਿਰਨ ਨਜ਼ਰ ਆਈ ਸੀ। ਸਰਕਾਰ ਬਣਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਸਾਡੀ ਇੱਕੋ-ਇੱਕ ਜਾਇਜ਼ ਮੰਗ ਪੁਰਾਣੀ ਪੈਨਸ਼ਨ ਬਹਾਲੀ ਬਾਰੇ ਸਰਕਾਰ ਬਣਦੇ ਸਾਰ ਲਾਗੂ ਕਰਨ ਦੀ ਗੱਲ ਕਹੀ ਸੀ। ਇਸ ਸਬੰਧੀ ਵਿੱਤ ਮੰਤਰੀ ਦੀ ਪੁਰਾਣੀ ਵੀਡੀਓ ਵੀ ਵਾਇਰਲ ਹੋਈ ਹੈ, ਜਿਸ ਵਿਚ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਗੱਲ ਕਹਿ ਰਹੇ ਹਨ ਜਦੋਂ ਸਰਕਾਰ ਬਣੀ ਐੱਨ.ਪੀ.ਐੱਸ. ਮੁਲਾਜ਼ਮਾਂ ਨੂੰ ਉਮੀਦ ਦੀ ਕਿਰਨ ਦਿਖਾਈ ਦਿੱਤੀ। ਬੜੀ ਉਮੀਦ ਲਾ ਕੇ ਸਰਕਾਰ ਤੋਂ ਪੁਰਾਣੀ ਪੈਨਸ਼ਨ ਬਹਾਲੀ ਦੇ ਐਲਾਨ ਦੀ ਉਡੀਕ ਕਰਨ ਲੱਗੇ,
ਸਰਕਾਰ ਨੇ ਵਾਅਦਾ ਪੂਰਾ ਕਰਨ ਲਈ ਜਥੇਬੰਦੀਆਂ ਕੋਲੋਂ ਛੇ ਮਹੀਨੇ ਦਾ ਸਮਾਂ ਮੰਗਿਆ। ਪਰ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਛੇ ਮਹੀਨੇ ਤੋਂ ਵੱਧ ਸਮਾਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਅਜੇ ਤੱਕ ਮੁਲਾਜ਼ਮਾਂ ਨੇ ਪੱਲੇ ਲਾਰਿਆਂ ਤੋਂ ਬਗੈਰ ਕੁਝ ਨਹੀਂ ਪਿਆ। ਹਾਲਾਂਕਿ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੇ ਟਵੀਟ ਕਰਕੇ ਪੁਰਾਣੀ ਪੈਨਸ਼ਨ ਬਹਾਲੀ ਤੇ ਵਿਚਾਰ ਕਰਨ ਤੇ ਆਖਿਆ ਹੈ ਪ੍ਰੰਤੂ ਪੁਰਾਣੀ ਪੈਨਸ਼ਨ ਬਹਾਲੀ ਦੇ ਮੁਲਾਜ਼ਮ ਉਦੋਂ ਤੱਕ ਆਪਣਾ ਸੰਘਰਸ਼ ਜਾਰੀ ਰੱਖਣਗੇ ਜਦੋਂ ਤੱਕ ਪੁਰਾਣੀ ਪੈਨਸ਼ਨ ਬਹਾਲੀ ਸਬੰਧੀ ਨੋਟੀਫਿਕੇਸ਼ਨ ਨਹੀਂ ਆ ਜਾਂਦਾ। ਇਸ ਸਬੰਧੀ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਪੱਚੀ ਸਤੰਬਰ ਨੂੰ ਆਪ ਸਰਕਾਰ ਦੇ ਝੂਠੇ ਲਾਰਿਆਂ ਦੀ ਪੰਡ ਫ਼ੂਕੀ ਜਾਵੇਗੀ। ਇਸੇ ਲੜੀ ਤਹਿਤ ਹਰਿਆਣਾ ਵਿਖੇ ਕੱਲਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਹਰਿਆਣਾ ਵਿਖੇ ਪੱਚੀ ਸਤੰਬਰ ਨੂੰ ਬਹੁਤ ਵੱਡੀ ਕਨਵੈਨਸ਼ਨ ਕੀਤੀ ਜਾਵੇਗੀ ਅਤੇ ਲਾਰਿਆਂ ਦੀ ਪੰਡ ਫ਼ੂਕੀ ਜਾਵੇਗੀ।
ਇੱਥੇ ਦੱਸਣਯੋਗ ਹੈ ਕਿ ਰਾਜਸਥਾਨ ਸਰਕਾਰ ਅਤੇ ਛਤੀਸਗੜ੍ਹ ਸਰਕਾਰ ਝਾਰਖੰਡ ਸਰਕਾਰ ਨੇ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਹੈ ਪ੍ਰੰਤੂ ਆਮ ਆਦਮੀ ਦੀ ਸਰਕਾਰ ਹੋਣ ਦਾ ਦਾਅਵਾ ਕਰ ਰਹੀ ਪਾਰਟੀ ਪੁਰਾਣੀ ਪੈਨਸ਼ਨ ਬਹਾਲ ਕਰਨ ਵਿਚ ਹਿਚ-ਕਚਾਹਟ ਮਹਿਸੂਸ ਕਰ ਰਹੀ ਹੈ। ਪੰਜਾਬ ਵਿੱਚ ਇਸ ਸਬੰਧੀ ਕੀਤੇ ਜਾ ਰਹੇ ਸੰਘਰਸ਼ ਨੂੰ ਇੱਕ ਦਹਾਕੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਪੁਰਾਣੀ ਪੈਨਸ਼ਨ ਬਹਾਲੀ ਦੇ ਨਾਮ ਤੇ ਗੂੰਗੀ ਤੇ ਬੋਲੀ ਹੋ ਚੁੱਕੀ ਸਰਕਾਰ ਨੂੰ ਉਸ ਦੇ ਨੁਮਾਇੰਦਿਆਂ ਵੱਲੋਂ ਲਾਏ ਗਏ ਲਾਰੇ ਯਾਦ ਕਰਵਾਉਣ ਲਈ ਅਤੇ ਆਪਣੀਆਂ ਮੰਗਾਂ ਮਨਵਾਉਣ ਲਈ ਲਾਰਿਆਂ ਦੀ ਪੰਡ ਫੂਕੀ ਜਾਣੀ ਹੈ। ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਮੌਕੇ ਬਲਾਕ ਵਾਈਸ ਪ੍ਰਧਾਨ ਪੰਕਜ ਕੁਮਾਰ ਸ਼ਰਮਾ, ਜ਼ਿਲ੍ਹਾ ਪ੍ਰਚਾਰਕ ਸਚਿਨ ਗੜਦੀਵਾਲਾ, ਗੁਰਮੁਖ ਸਿੰਘ ਬਲਾਲਾ ਜ਼ਿਲ੍ਹਾ ਖ਼ਜ਼ਾਨਚੀ, ਜਗਵਿੰਦਰ ਸਿੰਘ, ਲਖਵੀਰ ਸਿੰਘ ਅਤੇ ਗੁਰਪ੍ਰੀਤ ਸਿੰਘ ਮੌਜੂਦ ਸਨ।