ਗੜ੍ਹਦੀਵਾਲਾ, 21 ਸਤੰਬਰ (ਮਲਹੋਤਰਾ)- ਬਾਬਾ ਦੀਪ ਸਿੰਘ ਸੇਵਾ ਦਲ ਐਂਡ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਮੌਜੂਦਾ ਸਮੇਂ ਵਿੱਚ ਅਨੇਕਾਂ ਸੇਵਾ ਕਾਰਜ ਕੀਤੇ ਜਾ ਰਹੇ ਹਨ। ਇਸੇ ਦੌਰਾਨ ਅੱਜ ਇੱਕ ਘਰੋਂ ਲਾਪਤਾ ਹੋਈ ਭੈਣ ਨੂੰ ਉਸਦੇ ਪਰਿਵਾਰਿਕ ਮੈਂਬਰਾਂ ਨਾਲ ਸੁਸਾਇਟੀ ਦੇ ਯਤਨਾਂ ਸਦਕਾ ਮਿਲਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਨੇ ਦੱਸਿਆ ਕਿ ਇਸ ਭੈਣ ਨੂੰ ਅੱਜ ਤੋਂ ਤਿੰਨ ਦਿਨ ਪਹਿਲਾਂ ਪਿੰਡ ਗੋੰਦਪੁਰ ਤੋਂ ਪਿੰਡ ਵਾਸੀਆਂ ਦੁਆਰਾ ਕੀਤੀ ਗਈ ਇਤਲਾਹ ਅਨੁਸਾਰ 10.30 ਵਜੇ ਦੇ ਕਰੀਬ ਲਾਵਾਰਸ ਹਾਲਤ ਵਿੱਚ ਗੁਰੂ ਆਸਰਾ ਸੇਵਾ ਘਰ ਵਿਖੇ ਲਿਆਂਦਾ ਗਿਆ ਸੀ ਅਤੇ ਇਸਦੀ ਦਿਮਾਗੀ ਹਾਲਤ ਠੀਕ ਨਹੀਂ ਹੈ। ਉਹਨਾ ਦੱਸਿਆ ਕਿ ਇਹ ਭੈਣ ਆਪਣੇ ਬਾਰੇ ਜਾਂ ਆਪਣੇ ਪਰਿਵਾਰ ਬਾਰੇ ਕੁਝ ਵੀ ਨਹੀਂ ਦੱਸ ਰਹੀ ਸੀ। ਇਸ ਕਰਕੇ ਸੁਸਾਇਟੀ ਵੱਲੋਂ ਇਸ ਭੈਣ ਦੀ ਪੋਸਟ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਗਈ ਅਤੇ ਇਸ ਭੈਣ ਦੇ ਪਰਿਵਾਰਿਕ ਮੈਂਬਰਾਂ ਨੂੰ ਪਤਾ ਲੱਗ ਸਕਿਆ। ਇਸ ਭੈਣ ਦਾ ਨਾਮ ਰਮਤਾ ਹੈ ਅਤੇ ਇਹ ਪਿੰਡ ਸਾਹਿਬ ਚੱਕ, ਤਹਿਸੀਲ ਪਠਾਨਕੋਟ ਜਿਲ੍ਹਾ ਗੁਰਦਾਸਪੁਰ ਦੀ ਰਹਿਣ ਵਾਲੀ ਹੈ। ਇਸਦੇ ਪਰਿਵਾਰ ਨਾਲ ਰਾਬਤਾ ਵੀਰ ਬਚਿੱਤਰ ਸਿੰਘ ਸੇਵਾਦਾਰ ਸਰਬਤ ਦਾ ਭਲਾ ਸੇਵਾ ਸੋਸਾਇਟੀ ਦੀਨਾ ਨਗਰ ਦੇ ਸਹਿਯੋਗ ਨਾਲ ਕੀਤਾ ਗਿਆ ਅਤੇ ਅੱਜ ਇਸ ਭੈਣ ਨੂੰ ਓੁਸ ਦੇ ਬੇਟੇ ਮਲਕੀਤ ਸਿੰਘ ਦੇ ਹਵਾਲੇ ਸਹੀ ਸਲਾਮਤ ਕਰ ਦਿੱਤਾ ਗਿਆ। ਇਸ ਮੌਕੇ ਮਨਜੋਤ ਸਿੰਘ ਤਲਵੰਡੀ, ਪਰਸ਼ੋਤਮ ਸਿੰਘ, ਬਚਿੱਤਰ ਸਿੰਘ, ਅਮਨਦੀਪ ਸਿੰਘ, ਸ਼ਾਬੀ, ਮਲਕੀਤ ਸਿੰਘ, ਡਾਕਟਰ ਬਿਮਲ ਅਤੇ ਹੋਰ ਮੈਂਬਰ ਹਾਜ਼ਰ ਸਨ।