ਤਲਵਾੜਾ, 22ਸਤੰਬਰ (ਬਲਦੇਵ ਰਾਜ ਟੋਹਲੂ)- ਪੁਰਾਣੀ ਪੈਨਸ਼ਨ ਬਹਾਲ ਸੰਘਰਸ਼ ਕਮੇਟੀ ਪੰਜਾਬ ਦੇ ਬੈਨਰ ਹੇਠਾਂ ਜ਼ਿਲ੍ਹਾ ਪੱਧਰ ਤੇ ਹੋਣ ਜਾ ਰਹੀ ਕਨਵੈਨਸ਼ਨ ਅਤੇ ਲਾਰਿਆਂ ਦੀ ਪੰਡ ਫੂਕਣ ਪ੍ਰੋਗਰਾਮ ਵਿੱਚ ਬਲਾਕ ਤਲਵਾੜਾ ਤੋਂ ਵੱਡੀ ਗਿਣਤੀ ਵਿੱਚ ਐੱਨ.ਪੀ.ਐੱਸ. ਮੁਲਾਜ਼ਮਾਂ ਵਲੋਂ ਸ਼ਿਰਕਤ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਕਨਵੀਨਰ ਸ਼੍ਰੀ ਮਨਮੋਹਨ ਸਿੰਘ ਨੇ ਦੱਸਿਆ ਕਿ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਲੜੇ ਜਾ ਰਹੇ ਸੰਘਰਸ਼ ਸਦਕਾ ਪੰਜਾਬ ਸਰਕਾਰ ਵਲੋਂ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨ ਲਈ ਵਿਚਾਰ ਕਰਨ ਦੀ ਹਾਮੀ ਭਰੀ ਹੈ, ਪਰ ਇਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਵਲੋਂ ਸਰਕਾਰ ਤੇ ਦਬਾਅ ਪਾਉਣ ਲਈ ਸਮੁੱਚੇ ਪੰਜਾਬ ਵਿੱਚ ਜ਼ਿਲ੍ਹਾ ਹੈੱਡਕੁਆਰਟਰਾਂ ਤੇ 24-25 ਸਤੰਬਰ ਨੂੰ ਕਨਵੈਨਸ਼ਨਾਂ ਕੀਤੀਆਂ ਜਾ ਰਹੀਆਂ ਹਨ।
ਇਸੇ ਲੜੀ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਦੀ ਕਨਵੈਨਸ਼ਨ ਹਰਿਆਣਾ ਦੇ ਕੱਲਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ (ਨਜ਼ਦੀਕ ਪੁਲਸ ਥਾਣਾ) ਵਿੱਚ ਰੱਖੀ ਗਈ ਹੈ। ਬਲਾਕ ਦੇ ਜਨਰਲ ਸਕੱਤਰ ਸ਼੍ਰੀ ਨਿਰਮਲ ਬੱਧਣ ਨੇ ਕਿਹਾ ਕਿ ਇਸ ਕਨਵੈਨਸ਼ਨ ਵਿੱਚ ਜ਼ਿਲ੍ਹਾ ਭਰ ਚੋਂ ਵੱਖ-ਵੱਖ ਵਿਭਾਗਾਂ ਦੇ ਐੱਨ.ਪੀ.ਐੱਸ. ਪੀੜਤ ਮੁਲਾਜ਼ਮਾਂ ਵਲੋਂ ਭਾਰੀ ਇੱਕਠ ਕੀਤਾ ਜਾ ਰਿਹਾ ਹੈ ਅਤੇ ਬਾਅਦ ਵਿੱਚ ਲਾਰਿਆਂ ਦੀ ਪੰਡ ਫੂਕੀ ਜਾਵੇਗੀ। ਇਸ ਮੌਕੇ ਸੂਬਾ ਕਨਵੀਨਰ ਜਸਵੀਰ ਤਲਵਾੜਾ, ਵਰਿੰਦਰ ਵਿੱਕੀ, ਸੱਤ ਪ੍ਰਕਾਸ਼, ਨਰੇਸ਼ ਕੁਮਾਰ ਮਿੱਡਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਐੱਨ.ਪੀ.ਐੱਸ ਮੁਲਾਜ਼ਮਾਂ ਨੇ ਕਨਵੈਨਸ਼ਨ ਵਿੱਚ ਸ਼ਾਮਿਲ ਹੋਣ ਦਾ ਅਹਿਦ ਲਿਆ।