ਤਲਵਾੜਾ, 11 ਸਤੰਬਰ (ਬਲਦੇਵ ਰਾਜ ਟੋਹਲੂ)- ਪ੍ਰਸਿੱਧ ਇਨਕਲਾਬੀ ਦੇਸ਼ ਭਗਤ ਪੰਡਿਤ ਕਿਸ਼ੋਰੀ ਲਾਲ ਦੀ ਯਾਦ ਨੂੰ ਸਮਰਪਿਤ ਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ’ਤੇ ਇਨਕਲਾਬੀ ਨਾਟਕ ਮੇਲਾ 17 ਤਾਰੀਕ ਨੂੰ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦੇਸ਼ ਭਗਤ ਪੰਡਿਤ ਕਿਸ਼ੋਰੀ ਲਾਲ ਯਾਦਗਾਰ ਕਮੇਟੀ ਦੇ ਆਗੂ ਗਿਆਨ ਸਿੰਘ ਗੁਪਤਾ, ਵਰਿੰਦਰ ਵਿੱਕੀ, ਸੱਤ ਪ੍ਰਕਾਸ਼ ਤੇ ਸ਼ਿਵ ਕੁਮਾਰ ਨੇ ਦਿੱਤੀ। ਨੌਜਵਾਨ ਆਗੂ ਨਰੇਸ਼ ਮਿੱਡਾ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਕਾਰਨ ਦੋ ਸਾਲਾਂ ਬਾਅਦ ਕਰਵਾਏ ਜਾ ਰਹੇ ਨਾਟਕ ਮੇਲੇ ਲਈ ਤਲਵਾੜਾ ਵਾਸੀਆਂ ’ਚ ਉਤਸ਼ਾਹ ਹੈ। ਇਹ ਨਾਟਕ ਮੇਲਾ ਸਥਾਨਕ ਖੋਖਾ ਮਾਰਕੀਟ ਦੀ ਰਾਮਲੀਲਾ ਗਰਾਉਂਡ ’ਚ ਰਾਤ ਵਕਤ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਪੰਜਾਬ ਪ੍ਰਸਿੱਧ ਨਾਟਕਕਾਰ ਕੇਵਲ ਧਾਲੀਵਾਲ ਵੱਲੋਂ ਮੌਜ਼ੂਦਾ ਆਰਥਿਕ, ਸਿਆਸੀ ਤੇ ਸਮਾਜਿਕ ਮੁੱਦਿਆਂ ’ਤੇ ਅਧਾਰਿਤ ਨਾਟਕਾਂ ਦਾ ਮੰਚਨ ਕੀਤਾ ਜਾਵੇਗਾ। ਉੱਥੇ ਹੀ ਲੋਕ ਗਾਇਕ ਮਲਕੀਤ ਬੁੱਲਾ ਆਪਣੀ ਗਾਇਕੀ ਰਾਹੀਂ ਹਾਜ਼ਰੀ ਭਰਨਗੇ।