ਗੜ੍ਹਦੀਵਾਲ, 01 ਸਤੰਬਰ (ਮਲਹੋਤਰਾ)- ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ ਦੇ ਖੇਡ ਮੈਦਾਨ ਵਿਖੇ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਕਰਵਾਏ ਗਏ ਜੋਨ ਗੜਦੀਵਾਲਾ ਦੇ ਟੂਰਨਾਮੈਂਟ ਦੌਰਾਨ ਜ਼ਿਲ੍ਹਾ ਸਹਾਇਕ ਖੇਡ ਅਫਸਰ ਦਲਜੀਤ ਸਿੰਘ ਨੇ ਅਚਨਚੇਤ ਨਿਰੀਖਣ ਕੀਤਾ ਅਤੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦਿਆਂ ਉਨ੍ਹਾਂ ਨੂੰ ਵਧੀਆ ਖੇਡ ਦਾ ਪ੍ਰਦਰਸ਼ਨ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਗੁਰਸ਼ਰਨ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿਚ ਵਿਸ਼ੇਸ਼ ਖੇਡ ਮੇਲੇ ਕਰਵਾ ਕੇ ਵਿਦਿਆਰਥੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ ਤਾਂ ਜੋ ਵਿਦਿਆਰਥੀ ਖੇਡਾਂ ਵਿਚ ਨਾਮ ਰੋਸ਼ਨ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਦੇ ਉਤਸ਼ਾਹ ਨੂੰ ਦੇਖਦੇ ਹੋਏ 1 ਤੋਂ 10 ਸਤੰਬਰ ਤੱਕ ਖੇਡਾਂ ਵਤਨ ਪੰਜਾਬ ਦੀਆਂ ਮੁਹਿੰਮ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿਚ ਖੇਡ ਮੇਲੇ ਕਰਵਾਏ ਜਾ ਰਹੇ ਹਨ, ਜਿਸ ਵਿਚ ਸਕੂਲਾਂ ‘ਚ ਪੜ੍ਹਦੇ ਖਿਡਾਰੀ ਆਪਣੀ ਖੇਡ ਦਾ ਪ੍ਰਦਰਸ਼ਨ ਕਰਨਗੇ। ਉਨ੍ਹਾਂ ਜ਼ਿਲ੍ਹੇ ਦੇ ਸਾਰੇ ਸਕੂਲਾਂ ਦੇ ਪ੍ਰਿੰਸੀਪਲਾਂ ਤੇ ਹੈੱਡਮਾਸਟਰਾਂ ਨੂੰ ਅਪੀਲ ਕੀਤੀ ਕਿ ਉਹ ‘ਖੇਡਾਂ ਵਤਨ ਪੰਜਾਬ ਦੀਆਂ’ ਦੀਆਂ ਲਈ ਵੱਧ ਤੋਂ ਵੱਧ ਆਪੋ-ਆਪਣੇ ਸਕੂਲਾਂ ਦੀਆਂ ਟੀਮਾਂ ਦੀ ਰਜਿਸਟੇਸ਼ਨ ਕਰਵਾਉਣ। ਇਸ ਮੌਕੇ ਪ੍ਰਧਾਨ ਅਰਵਿੰਦਰ ਕੌਰ ਗਿੱਲ, ਮੈਡਮ ਇੰਦਰਵੀਰ ਕੌਰ, ਕੋਚ ਕੁਲਦੀਪ ਸਿੰਘ ਗੰਗਾ, ਪ੍ਰੇਮ ਸਿੰਘ, ਹੈੱਡ ਮਾਸਟਰ ਅਸ਼ੋਕ ਕੁਮਾਰ, ਕੋਚ ਸੁਰਜੀਤ ਸਿੰਘ, ਹਰਜਿੰਦਰ ਸਿੰਘ ਟੋਨੀ, ਸੁਮੀਤ ਚੌਹਾਨ, ਹਰਵਿੰਦਰ ਸਿੰਘ ਬਾਹਲਾ, ਸੁਖਪਾਲ ਸਿੰਘ ਪਾਲੀ ਆਦਿ ਹਾਜ਼ਰ ਸਨ।