ਗੜ੍ਹਦੀਵਾਲ, 27 ਅਗਸਤ (ਮਲਹੋਤਰਾ)- ਬਹੁਜਨ ਸਮਾਜ ਪਾਰਟੀ ਦਫ਼ਤਰ ਗੜ੍ਹਦੀਵਾਲ ਵਿਖੇ ਹਲਕਾ ਉੜਮੜ ਦੇ ਪ੍ਰਧਾਨ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਇਕ ਹੰਗਾਮੀ ਮੀਟਿੰਗ ਹੋਈ, ਜਿਸ ਵਿਚ ਸਕੱਤਰ ਪੰਜਾਬ ਤੇ ਹਲਕਾ ਇੰਚਾਰਜ ਉੜਮੁੜ ਮਨਿੰਦਰ ਸਿੰਘ ਸ਼ੇਰਪੁਰੀ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਰਾਜਸਥਾਨ ਦੇ ਇਕ ਪਿੰਡ ਸੁਰਾਣਾ ਜਿਲ੍ਹਾ ਜਾਲੌਰ ਵਿਖੇ ਇਕ ਨਿਜੀ ਸਕੂਲ ’ਚ ਹੈੱਡ ਮਾਸਟਰ ਦੀ ਕੁੱਟਮਾਰ ਦਾ ਸ਼ਿ਼ਕਾਰ ਹੋ ਕੇ ਇਲਾਜ ਦੌਰਾਨ ਦਮ ਤੋੜਨ ਵਾਲੇ ਤੀਸਰੀ ਜਮਾਤ ਦੇ ਐੱਸ.ਸੀ. ਵਿਦਿਆਰਥੀ ਦੇ ਪਰਿਵਾਰ ਲਈ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਬਸਪਾ ਹਲਕਾ ਪ੍ਰਧਾਨ ਡਾ. ਜਸਪਾਲ ਸਿੰਘ ਨੇ ਕਿਹਾ ਕਿ ਉਕਤ ਘਟਨਾ ਬਹੁਤ ਹੀ ਨਿੰਦਣ ਯੋਗ ਅਤੇ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਮੱਥੇ ਤੇ ਕਲੰਕ ਹੈ।
ਉਨ੍ਹਾਂ ਕਿਹਾ ਕਿ ਇਕ ਪਾਸੇ ਦੇਸ਼ ਆਜਾਦੀ ਦੇ 75 ਸਾਲ ਪੂਰੇ ਹੋਣ ਦੀ ਖੁਸ਼ੀ ਮਨਾ ਕੇ ਹਟਿਆ ਤੇ ਦੂਸਰੇ ਪਾਸੇ ਅਜੇ ਵੀ ਦਲਿਤ ਸਮਾਜ ’ਤੇ ਅੱਤਿਆਚਾਰ ਕੀਤੇ ਜਾ ਰਹੇ ਹਨ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਇਕ ਪਾਸੇ ਤਾਂ ਲੋਕ ਛਬੀਲਾਂ ਲਗਾ ਕੇ ਪਾਣੀ ਦੀ ਸੇਵਾ ਵਰਤਾਉਂਦੇ ਹਨ ਪਰ ਦੂਸਰੇ ਪਾਸੇ ਤੀਸਰੀ ਕਲਾਸ ਦੇ ਇਕ ਮਾਸੂਮ ਜਿਹੇ ਬੱਚੇ ਨੂੰ ਸਕੂਲ ਦੇ ਹੈੱਡ ਮਾਸਟਰ ਵਲੋਂ ਸਿਰਫ ਉਸਦੇ ਘੜੇ ਦਾ ਪਾਣੀ ਪੀਣ ’ਤੇ ਇੰਨੀ ਬੁਰੀ ਤਰ੍ਹਾਂ ਕੁੱਟਿਆ ਗਿਆ ਕਿ ਉਸਦੀ ਮੌਤ ਹੋ ਗਈ। ਜਿਸ ਤੋਂ ਸਪਸ਼ਟ ਹੈ ਕਿ ਕੁੱਝ ਲੋਕ ਹਾਲੇ ਵੀ ਸਦੀਆਂ ਪੁਰਾਣੀ ਛੂਆ-ਛੂਤ ਤੇ ਉੱਚ ਨੀਚ ਵਾਲੀ ਅਤਿਆਚਾਰੀ ਮਾਨਸਿਕਤਾ ਤੋਂ ਬਾਹਰ ਨਹੀਂ ਨਿਕਲ ਸਕੇ ਹਨ। ਬਸਪਾ ਆਗੂਆਂ ਨੇ ਕਿਹਾ ਕਿ ਇੰਨੇ ਦਿਨ ਬੀਤ ਜਾਣ ਤੇ ਵੀ ਸਰਕਾਰ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ।
ਉਨ੍ਹਾਂ ਕੇਂਦਰ ਅਤੇ ਰਾਜਸਥਾਨ ਦੀ ਸਰਕਾਰ ਤੋਂ ਮੰਗ ਕੀਤੀ ਕਿ ਦਰਿੰਦੇ ਹੈੱਡ ਮਾਸਟਰ ਨੂੰ ਫਾਂਸੀ ਦੀ ਸਜਾ ਦਿੱਤੀ ਜਾਵੇ ਅਤੇ ਮੌਤ ਦਾ ਸ਼ਿਕਾਰ ਹੋਏ ਮਾਸੂਮ ਦੇ ਪਰਿਵਾਰਕ ਮੈਂਬਰਾਂ ਨੂੰ ਇਕ ਕਰੋੜ ਰੁਪਏ ਮੁਆਵਜਾ ਅਤੇ ਉਸਦੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਪ੍ਰਦਾਨ ਕੀਤੀ ਜਾਵੇ। ਇਸ ਮੌਕੇ ਹਲਕਾ ਇੰਚਾਰਜ ਜਸਵਿੰਦਰ ਸਿੰਘ ਦੁੱਗਲ, ਜਨਰਲ ਸੈਕਟਰੀ ਦਾਰਾ ਸਿੰਘ, ਜਿਲ੍ਹਾ ਸਕੱਤਰ ਕੁਲਦੀਪ ਸਿੰਘ ਬਿੱਟੂ, ਮਾਸਟਰ ਰਤਨ ਚੰਦ, ਮਨਿੰਦਰ ਸਿੰਘ ਸੋਨੂੰ, ਸਵਰਨ ਸਿੰਘ ਨਿਆਜੀਆਂ, ਨਿਰਮਲ ਸਿੰਘ ਕੰਢਾਲੀਆਂ ਆਦਿ ਹਾਜਰ ਸਨ।