ਤਲਵਾੜਾ,12 ਅਗਸਤ (ਬਲਦੇਵ ਰਾਜ ਟੋਹਲੂ)- ਆਜ਼ਾਦੀ ਦੀ 75ਵੀਂ ਵਰ੍ਹੇਗੰਢ ’ਤੇ ਕੇਂਦਰ ਸਰਕਾਰ 15 ਅਗਸਤ ਨੂੰ ‘ਅਮ੍ਰਿਤ ਮਹਾਉਤਸਵ’ ਦੇ ਮੱਦੇਨਜ਼ਰ ਘਰ ਘਰ ਤਿਰੰਗਾ ਝੰਡਾ ਲਹਿਰਾ ਕੇ ਮਨਾਵੇਗੀ। ਇਸ ਮੁਹਿੰਮ ਤਹਿਤ ਵਿਧਾਨ ਸਭਾ ਹਲ਼ਕਾ ਦਸੂਹਾ ’ਚ ਭਾਜਪਾ ਨੇ ਪੰਜ ਹਜ਼ਾਰ ਝੰਡੇ ਵੰਡਣ ਦਾ ਟੀਚਾ ਤੈਅ ਕੀਤਾ ਹੈ। ਇਹ ਜਾਣਕਾਰੀ ਅੱਜ ਭਾਜਪਾ ਦੇ ਸੀਨੀਅਰ ਆਗੂ ਠਾ. ਰਘੂਨਾਥ ਸਿੰਘ ਰਾਣਾ ਨੇ ਪੱਤਰਕਾਰਾਂ ਨੂੰ ਦਿੱਤੀ। ਮੰਡਲ ਪ੍ਰਧਾਨ ਸੁਭਾਸ਼ ਬਿੱਟੂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਠਾ ਰਘੂਨਾਥ ਸਿੰਘ ਰਾਣਾ ਨੇ ਦੱਸਿਆ ਕਿ ‘ਅਮ੍ਰਿਤ ਮਹਾਉਤਸਵ’ ਮੁਹਿੰਮ ਨੂੰ ਸਫ਼ਲ ਬਣਾਉਣ ਅਤੇ ਹਰ ਘਰ ਤਿਰੰਗਾ ਲਹਿਰਾਉਣ ਲਈ ਹਰ ਮੰਡਲ ਨੂੰ ਚਾਰ ਭਾਗਾਂ ’ਚ ਵੰਡਿਆ ਹੈ। ਸਰਕਾਰ ਵੱਲੋਂ ਆਮ ਲੋਕਾਂ ਨੂੰ ਇਸ ਮੁਹਿੰਮ ਨਾਲ ਜੋਡ਼ਨ ਲਈ ਮਹਿਜ਼ 25 ਰੁਪਏ ’ਚ ਤਿਰੰਗਾ ਝੰਡਾ ਮੁਹੱਇਆ ਕਰਵਾਇਆ ਜਾ ਰਿਹਾ ਹੈ। ਦਸੂਹਾ ਭਾਜਪਾ ਨੇ ਆਪਣੀ ਪੱਧਰ ’ਤੇ ਘਰ ਘਰ ਤਿਰੰਗਾ ਪਹੁੰਚਾਉਣ ਦਾ ਫੈਸਲਾ ਕੀਤਾ ਹੈ। ਸ਼੍ਰੀ ਰਾਣਾ ਨੇ ਹਰ ਤਿਰੰਗੇ ਝੰਡੇ ਦੀ ਵਿਕਰੀ ’ਚੋਂ ਛੇ ਰੁਪਏ ਖ਼ੇਤਰ ਦੀਆਂ ਗਊਸ਼ਾਲਾ ਨੂੰ ਦੇਣ ਦਾ ਐਲਾਨ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਅਸ਼ੋਕ ਸਭਰਵਾਲ, ਸੰਜੀਵ ਭਾਰਦਵਾਜ, ਸੁਨੀਲ ਕੁਮਾਰ ਸੋਨੀ ਆਦਿ ਹਾਜ਼ਰ ਸਨ।