ਖ਼ੇਤਰ ’ਚ ਕਰੀਬ ਇੱਕ ਹਜ਼ਾਰ ਏਕੜ ਮੱਕੀ ਦੀ ਫਸਲ ਹੋਈ ਪ੍ਰਭਾਵਿਤ
ਤਲਵਾੜਾ,10 ਅਗਸਤ (ਬਲਦੇਵ ਰਾਜ ਟੋਹਲੂ)- ਕੰਢੀ ਖ਼ੇਤਰ ’ਚ ਮੱਕੀ ਦੀ ਫਸਲ ’ਤੇ ਸੁੰਡੀ ਦੇ ਹਮਲੇ ਨੇ ਕਿਸਾਨਾਂ ਦੇ ਸਾਹ ਸੂਤੇ ਗਏ ਹਨ। ਖੇਤੀਬਾੜੀ ਵਿਭਾਗ ਅਨੁਸਾਰ ਖ਼ੇਤਰ ’ਚ ਕਰੀਬ ਇੱਕ ਹਜ਼ਾਰ ਏਕੜ ਫਸਲ ਪ੍ਰਭਾਵਿਤ ਹੋਈ ਹੈ। ਪੰਚਾਇਤ ਯੂਨੀਅਨ ਤਲਵਾੜਾ ਨੇ ਸਰਕਾਰ ਤੋਂ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਮੱਕੀ ਕਾਸ਼ਤਕਾਰਾਂ ਨੂੰ ਯੋਗ ਮੁਆਵਜਾ ਦੇਣ ਦੀ ਮੰਗ ਕੀਤੀ ਹੈ।
ਪਿਛਲੇ ਕਰੀਬ ਤਿੰਨ ਸਾਲਾਂ ਤੋਂ ਕੰਢੀ ਦਾ ਕਿਸਾਨ ਮੱਕੀ ’ਤੇ ਸੁੰਡੀ ਦੇ ਹਮਲੇ ਦਾ ਸੰਤਾਪ ਹੰਢਾ ਰਿਹਾ ਹੈ। ਪਰ ਐਂਤਕੀ ਸੁੰਡੀ ’ਤੇ ਖੇਤੀਬਾੜੀ ਵਿਭਾਗ ਵੱਲੋਂ ਸੁਝਾਈਆਂ ਦਵਾਈਆਂ ਦੇ ਛਿਡ਼ਕਾਅ ਦਾ ਵੀ ਕੋਈ ਅਸਰ ਨਹੀਂ ਹੋਇਆ। ਨੀਮ ਪਹਾੜੀ ਇਲਾਕਿਆਂ ’ਚ ਸੈਂਕੜੇ ਏਕੜ ਜ਼ਮੀਨ ’ਤੇ ਲੱਗੀ ਮੱਕੀ ਦੀ ਫਸਲ ਬਰਬਾਦ ਹੋ ਗਈ ਹੈ। ਕਿਸਾਨ ਬਾਲਕ ਰਾਮ, ਹਰਬੰਸ ਲਾਲ, ਬਲਵਿੰਦਰ ਸਿੰਘ, ਅਨੂਪ ਸਿੰਘ, ਰਾਜਿੰਦਰ ਸਿੰਘ ਆਦਿ ਮੱਕੀ ਕਾਸ਼ਤਕਾਰਾਂ ਨੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਤੋਂ ਮੱਕੀ ’ਤੇ ਸੁੰਡੀ ਦੇ ਹਮਲੇ ਦਾ ਸਾਹਮਣਾ ਕਰ ਰਹੇ ਹਨ। ਇਸ ਵਰ੍ਹੇ ਮੱਕੀ ’ਤੇ ਸੁੰਡੀ ਦੇ ਵਾਰ-ਵਾਰ ਹਮਲੇ ਤੋਂ ਉਹ ਪ੍ਰੇਸ਼ਾਨ ਹੋ ਗਏ ਹਨ। 40 ਦਿਨ ’ਚ ਮੱਕੀ ’ਤੇ ਤਿੰਨ ਵਾਰ ਖੇਤੀਬਾੜੀ ਵਿਭਾਗ ਵੱਲੋਂ ਸੁਝਾਈਆਂ ਦਵਾਈਆਂ ਦਾ ਛਿਡ਼ਕਾਅ ਕਰ ਚੁੱਕੇ ਹਨ, ਪਰ ਸਭ ਕੁੱਝ ਬੇਅਸਰ ਹੈ।
ਪੰਚਾਇਤ ਯੂਨੀਅਨ ਤਲਵਾੜਾ ਦੇ ਪ੍ਰਧਾਨ ਨਵਲ ਕਿਸ਼ੋਰ, ਸਕੱਤਰ ਕੁਲਦੀਪ, ਸ਼ਾਮ ਸੁੰਦਰ, ਸੁਰਿੰਦਰ ਸਿੰਘ ਆਦਿ ਨੇ ਸਰਕਾਰ ਤੋਂ ਪ੍ਰਭਾਵਿਤ ਇਲਾਕੇ ਦੀ ਸਪੈਸ਼ਲ ਗਿਰਦਾਵਰੀ ਕਰਵਾ ਮੱਕੀ ਕਾਸ਼ਤਕਾਰਾਂ ਨੂੰ ਯੋਗ ਮੁਆਵਜਾ ਦੇਣ ਦੀ ਮੰਗ ਕੀਤੀ ਹੈ।
ਬਲਾਕ ਖੇਤੀਬਾੜੀ ਅਫ਼ਸਰ ਦੀਪਕ ਪੁਰੀ ਨੇ ਦੱਸਿਆ ਕਿ ਬਲਾਕ ਤਲਵਾੜਾ ’ਚ ਕਰੀਬ ਇੱਕ ਹਜ਼ਾਰ ਏਕੜ ’ਚ ਲੱਗੀ ਮੱਕੀ ਦੀ ਫਸਲ ਸੁੰਡੀ ਦੇ ਹਮਲੇ ਨਾਲ ਪ੍ਰਭਾਵਿਤ ਹੋਈ ਹੈ। ਕੀੜੇ ਵੱਲੋਂ ਆਪਣੀ ਰੋਗ ਪ੍ਰਤੀਰੋਧਕ ਸਮਰਥਾ ਤੇਜ਼ੀ ਨਾਲ ਵਿਕਸਿਤ ਕੀਤੀ ਜਾ ਰਹੀ ਹੈ। ਬਜ਼ਾਰ ’ਚ ਮੌਜ਼ੂਦ ਕੀੜੇ ਮਾਰ ਦਵਾਈਆਂ ਬੇਅਸਰ ਸਿੱਧ ਹੋ ਰਹੀਆਂ ਹਨ। ਸੁੰਡੀ ਦਾ ਇੱਕ ਸਾਈਕਲ 20 ਤੋਂ 25 ਦਿਨ ਦਾ ਹੈ, ਜਿਸ ਦੌਰਾਨ ਇੱਕ ਸੁੰਡੀ ਇੱਕ ਤੋਂ ਡੇਢ ਹਜ਼ਾਰ ਤੱਕ ਆਂਡੇ ਦਿੰਦੀ ਹੈ। ਵਿਭਾਗ ਵੱਲੋਂ ਸੁੰਡੀ ਦੇ ਹਮਲੇ ’ਤੇ ਕਾਬੂ ਪਾਉਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਕੀੜੇ ਰੋਗ ਮਾਹਿਰ ਵਿਗਿਆਨੀਆਂ ਦਾ ਪ੍ਰਭਾਵਿਤ ਇਲਾਕਿਆਂ ’ਚ ਦੌਰ੍ਹਾ ਕਰਵਾਇਆ ਗਿਆ ਹੈ। ਬਲਾਕ ਤਲਵਾੜਾ ਦੇ ਤਿੰਨਾਂ ਸਰਕਲ ਤਲਵਾੜਾ, ਕਮਾਹੀ ਦੇਵੀ ਅਤੇ ਦਾਤਾਰਪੁਰ ’ਚ ਕਿਸਾਨ ਜਾਗਰੂਕਤਾ ਕੈਂਪ ਲਗਾ ਮੱਕੀ ਕਾਸ਼ਤਕਾਰਾਂ ਨੂੰ ਜਾਣਕਾਰੀ ਮੁਹੱਇਆ ਕਰਵਾਈ ਗਈ ਹੈ। ਉਨ੍ਹਾਂ ਸੁੰਡੀ ’ਤੇ ਕਾਬੂ ਪਾਉਣ ਲਈ ਵੱਡੇ ਪੱਧਰ ’ਤੇ ਪੰਚਾਇਤਾਂ ਦੇ ਸਹਿਯੋਗ ਨਾਲ ਮੁਹਿੰਮ ਚਲਾਉਣ ਦੀ ਗੱਲ ਕਹੀ।