ਗੜ੍ਹਦੀਵਾਲ, 08 ਅਗਸਤ (ਮਲਹੋਤਰਾ)- ਪਿੰਡ ਭੁਲਾਣਾ ਵਿਖੇ ਸੁਆਣੀਆਂ ਵੱਲੋਂ ਇਕੱਠੀਆ ਹੋ ਕੇ ਉਤਸ਼ਾਹ ਪੂਰਵਕ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਤਨਾਮ ਸਿੰਘ ਭੁਲਾਣਾ ਨੇ ਦੱਸਿਆ ਕਿ ਪੰਜਾਬੀ ਸਭਿਆਚਾਰ ਦਾ ਪ੍ਰਤੀਕ ਤੀਆਂ ਦੇ ਤਿਉਹਾਰ ਤੇ ਸਭਿਆਚਾਰਕ ਵਿਰਸੇ ਨਾਲ ਜੁੜੇ ਚਰਖੇ ਮਧਾਣੀ ਤੇ ਝਾਲਰਾਂ ਲੱਗੀਆਂ ਪੱਖੀਆਂ ਨੂੰ ਇਸ ਸਮਾਰੋਹ ਤੇ ਸ਼ੋਭਾ ਬਣਾਇਆ ਗਿਆ। ਇਸ ਮੌਕੇ ਫੁਲਕਾਰੀਆਂ ਤੇ ਪੁਰਾਤਨ ਪੰਜਾਬੀ ਵਿਰਸੇ ਨਾਲ ਜੁੜੇ ਗਹਿਣਿਆਂ ਨਾਲ ਸੱਜੀਆਂ ਸੁਆਣੀਆਂ ਵੱਲੋਂ ਤਿ੍ਰੰਝਣ ਦੀ ਝਾਕੀ ਪੇਸ਼ ਕਰਦਿਆ ਕਿੱਕਲੀ ਤੇ ਬੋਲੀਆਂ ਪਾ ਕੇ ਪੰਜਾਬੀ ਲੋਕ ਗੀਤ ਪੇਸ਼ ਕੀਤੇ ਗਏ। ਇਸ ਮੌਕੇ ਪੁਰਾਣੀ ਸਭਿਆਚਾਰ ਨੂੰ ਦਰਸਾਉਦੀਆਂ ਝਾਕੀਆਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਪ੍ਰਬੰਧਕਾਂ ਨੇ ਕਿਹਾ ਨਵੀ ਪੀੜ੍ਹੀ ਦੀਆਂ ਮੁਟਿਆਰਾਂ ਨੂੰ ਆਪਣੇ ਪੁਰਾਣੇ ਸਭਿਆਚਾਰ ਵਿਰਸੇ ਨਾਲ ਜੁੜੇ ਰਹਿਣਾ ਚਾਹੀਦੇ ਹੈ। ਉਨ੍ਹਾਂ ਔਰਤਾਂ ਵਲੋਂ ਮਨਾਏ ਤੀਆ ਦੇ ਤਿਉਹਾਰ ਦੀ ਸਲਾਘਾਂ ਕਰਦਿਆਂ ਕਿਹਾ ਕਿ ਇਹ ਸਾਡੇ ਸਭਿਆਚਾਰਕ ਤੇ ਵਿਰਸੇ ਨੂੰ ਦਰਸਾਉਦਾ ਪ੍ਰੋਗਰਾਮ ਆਉਣ ਵਾਲੀਆਂ ਪੀੜੀਆਂ ਲਈ ਪ੍ਰੇਰਨਾ ਸਰੋਤਾ ਹੈ, ਅਤੇ ਇਹੋ-ਜਿਹੇ ਪ੍ਰੋਗਰਾਮਾਂ ਤੋ ਵਧੀਆਂ ਸੇਧ ਮਿਲਦੀ ਹੈ। ਇਸ ਮੌਕੇ ਮਾਲ ਪੁੜੇ, ਖੀਰ ਅਤੇ ਛੋਲੇ ਪੂੜੀਆਂ ਦਾ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਸਰਪੰਚ ਸੁਮਨ ਲਤਾ, ਸੰਚਾਲਕ, ਮੇਜਰ ਸਿੰਘ ਵੱਲੋਂ ਇਸ ਤਿਉਹਾਰ ਦੀ ਸਭ ਨੂੰ ਮੁਬਾਰਕਬਾਦ ਦਿੱਤੀ ਗਈ। ਇਸ ਮੌਕੇ ਗੁਰਮੇਲ ਸਿੰਘ ਸੰਮਤੀ ਮੈਂਬਰ, ਸਹਿਯੋਗੀ ਜਸਪਾਲ ਕੌਰ, ਜਸਵਿੰਦਰ ਕੌਰ, ਜੀ.ਓ.ਜੀ . ਟੀਮ ਭੁੰਗਾ ਦੇ ਬਲਾਕ ਇੰਚਾਰਜ ਕੈਪਟਨ ਓਮ ਲਾਲ, ਹਰਬੰਸ ਕੌਰ, ਜਸਵੀਰ ਕੌਰ, ਸੀਤਾ ਦੇਵੀ,ਡੀਜੇ ਸੇਵਾ ਕਰਨ ਵਾਲੇ ਸੁਰਿੰਦਰ ਸਿੰਘ, ਸਾਬੀ ਆਦਿ ਪਿੰਡ ਵਾਸੀ ਹਾਜਰ ਸਨ।