ਗੜ੍ਹਦੀਵਾਲ, 08 ਅਗਸਤ (ਮਲਹੋਤਰਾ)- ਕੰਢੀ ਕਨਾਲ ਨਹਿਰ ਨੂੰ ਹੇਠੋਂ ਪੱਕਾ ਕਰਨ ਦੇ ਵਿਰੋਧ ’ਚ ਲੱਗੇ ਧਰਨੇ ਦੇ 76ਵੇਂ ਦਿਨ ਵੀ ਕਿਸਾਨਾਂ ਵੱਲੋਂ ਪਿੱਟ ਸਿਆਪਾ ਕਰਦੇ ਹੋਏ ਨਹਿਰੀ ਵਿਭਾਗ ਅਤੇ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਬਾਬਾ ਦੀਪ ਸਿੰਘ ਸੇਵਾ ਦਲ ਐਂਡ ਵੈਲਫ਼ੇਅਰ ਸੁਸਾਇਟੀ ਗੜ੍ਹਦੀਵਾਲਾ ਦੇ ਪ੍ਰਧਾਨ ਮਨਜੋਤ ਸਿੰਘ ਤਲਵੰਡੀ, ਦੋਆਬਾ ਕਿਸਾਨ ਕਮੇਟੀ ਪੰਜਾਬ ਪ੍ਰਧਾਨ ਜੰਗਵੀਰ ਸਿੰਘ ਚੌਹਾਨ, ਕਿਸਾਨ ਮਜ਼ਦੂਰ ਯੂਨੀਅਨ ਗੜ੍ਹਦੀਵਾਲਾ ਦੇ ਪ੍ਰਧਾਨ ਗੁਰਦੀਪ ਸਿੰਘ ਬਰਿਆਣਾ, ਨਵੀਂ ਅਟਵਾਲ ਸਮੇਤ ਵੱਖ ਵੱਖ ਆਗੂਆਂ ਨੇ ਕਿਹਾ ਲੋਕਾਂ ਨੂੰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਤੋਂ ਬਾਂਝੇ ਕਰਨ ਦੇ ਨਤੀਜੇ ਬੁਰੇ ਸਿੱਧ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾ ਨਹਿਰੀ ਵਿਭਾਗ ਦੇ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦਾ ਘਰਾਓ ਕੀਤਾ ਗਿਆ ਸੀ। ਜਿਸਨੇ ਭਰੋਸਾ ਦਵਾਇਆ ਸੀ ਪਰ ਕੋਈ ਹੱਲ ਨਹੀਂ ਕੱਢਿਆ। ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਨਾਲ ਵੀ ਕਿਸਾਨ ਆਗੂ ਜੰਗਵੀਰ ਸਿੰਘ ਚੋਹਾਨ ਵੱਲੋ ਗੱਲ ਕੀਤੀ ਗਈ ਸੀ, ਜਿਸ ਦੌਰਾਨ ਖੇਤੀਬਾੜੀ ਮੰਤਰੀ ਨੇ ਕਿਹਾ ਸੀ ਕਿ ਨਹਿਰ ਦਾ ਥੱਲਾ ਕੱਚਾ ਰੱਖਿਆ ਜਾਵੇਗਾ। ਜੰਗਵੀਰ ਸਿੰਘ ਚੌਹਾਨ ਨੇ ਮੰਗ ਕੀਤੀ ਸੀ ਕਿ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਜਾਵੇ ਪਰ ਹੁਣ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੀ ਗਈ। ਜੇਕਰ ਨਹਿਰ ਦੇ ਹੇਠਲੇ ਹਿੱਸੇ ਨੂੰ ਤਰਪਾਲ ਵਿਸ਼ਾ ਕੇ ਉਸਤੇ ਕੰਕਰੀਟ ਲੈਂਟਰ ਪਾ ਕੇ ਬਣਾਇਆ ਗਿਆ ਤਾਂ ਪਾਣੀ ਦੀ ਸੇਮ ਜ਼ਮੀਨ ਵਿਚ ਨਹੀਂ ਰਚੇਗੀ, ਜਿਸ ਨਾਲ ਪਾਣੀ ਦਾ ਪੱਧਰ ਹੋਰ ਡੂੰਘਾ ਹੋ ਜਾਵੇਗਾ। ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਪੀਣ ਲਈ ਪਾਣੀ ਨਹੀਂ ਮਿਲੇਗਾ।ਉਨ੍ਹਾਂ ਕਿਹਾ ਕਿ ਨਹਿਰ ਸੁੱਕੀ ਰਹਿਣ ਨਾਲ ਪਹਿਲਾਂ ਹੀ ਬੋਰ ਡੂੰਘੇ ਹੋ ਚੁੱਕੇ ਹਨ। ਇਸ ਲਈ ਨਹਿਰ ਨੂੰ ਹੇਠਾਂ ਤੋਂ ਇੱਟਾਂ ਲਾ ਕੇ ਬਨਾਉਣ ਸਮੇਤ ਗਊ ਘਾਟ ਬਨਾਉਣ, ਨਹਿਰ ਕਿਨਾਰੇ ਰੇਲਿੰਗ ਲਗਾਉਣ, ਖੁੱਲ੍ਹੇ ਪੁਲ ਬਨਾਉਣ, ਲਿਫਟਿੰਗ ਸਿੰਚਾਈ ਸਹੂਲਤਾਂ, ਪਾਣੀ ਦੇ ਮੋਘੇ ਵੱਡੇ ਕਰਨ ਆਦਿ ਮੰਗਾਂ ਪੂਰੀਆਂ ਕੀਤੀਆਂ ਜਾਣ। ਇਸ ਮੌਕੇ ਅਜੀਤ ਸਿੰਘ ਤੇ ਸੁਰਿੰਦਰ ਸਿੰਘ ਗੰਨਾ ਸੰਘਰਸ਼ ਕਮੇਟੀ, ਸਾਬਕਾ ਸਰਪੰਚ ਕੁਲਦੀਪ ਸਿੰਘ, ਸਰਪੰਚ ਕਰਨੈਲ ਸਿੰਘ, ਸਰਪੰਚ ਕਸ਼ਮੀਰ ਸਿੰਘ ਮਸਤੀਵਾਲ, ਹਰਜਿੰਦਰ ਸਿੰਘ ਚੰਡੀਗੜ੍ਹੀਆ, ਮਾਸਟਰ ਗੁਰਚਰਨ ਸਿੰਘ ਕਾਲਰਾ, ਬਲੀ ਸਿੰਘ, ਦਲਵੀਰ ਸਿੰਘ, ਪਰਮਿੰਦਰ ਸਿੰਘ, ਮੁਝੈਲ ਸਿੰਘ, ਦੋਲਤੀ ਮਾਲ੍ਹੇਵਾਲ, ਭੁਪਿੰਦਰ ਸਿੰਘ, ਜਸਵਿੰਦਰ ਸਿੰਘ, ਗੁਰਦਿਆਲ ਸਿੰਘ, ਸਹਿਬਾਜ਼ ਸਿੰਘ, ਕਸ਼ਮੀਰ ਸਿੰਘ, ਗੁਰਬਖ਼ਸ਼ ਸਿੰਘ, ਪੂਰਨ ਸਿੰਘ ਆਦਿ ਹਾਜ਼ਰ ਸਨ।