ਹੁਸ਼ਿਆਰਪੁਰ, 03 ਅਗਸਤ (ਰਾਜਪੂਤ)- ਪਿਛਲੇ ਕੁਝ ਸਮੇਂ ਦੌਰਾਨ ਸਕੂਲੀ ਬੱਸਾਂ ਦੇ ਵੱਧ ਰਹੇ ਸੜਕ ਹਾਦਸਿਆਂ ਦੇ ਕਾਰਨਾਂ ਦੀ ਸਮੀਖਿਆ ਕਰਨ ਲਈ ਸਕੂਲ ਬੱਸ ਅਪਰੇਟਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲ੍ਹਾ ਯੂਨਿਟ ਵੱਲੋਂ ਮਾਊਂਟ ਕਾਰਮਲ ਸਕੂਲ ਕੱਕੋਂ ਵਿਖੇ ਮੀਟਿੰਗ ਕੀਤੀ ਗਈ। ਇਸ ਮੌਕੇ ਜਥੇਬੰਦੀ ਦੇ ਕੌਮੀ ਪ੍ਰਧਾਨ ਸੁਖਮਨ ਸਿੰਘ ਧਾਲੀਵਾਲ ਉਚੇਚੇ ਤੌਰ ਤੇ ਪਹੁੰਚੇ। ਉਨ੍ਹਾਂ ਚਿੰਤਾ ਜਾਹਰ ਕਰਦਿਆਂ ਕਿਹਾ ਕਿ ਸਕੂਲ ਬੱਸਾਂ ਨਾਲ ਹੋ ਰਹੇ ਹਾਦਸਿਆਂ ਨੂੰ ਗੰਭੀਰਤਾ ਨਾਲ ਲੈਣਾ ਪਵੇਗਾ। ਉਨ੍ਹਾਂ ਕਿਹਾ ਕਿ ਜਿੱਥੇ ਇਨ੍ਹਾਂ ਹਾਦਸਿਆਂ ਲਈ ਕੁਝ ਹੱਦ ਤੱਕ ਡਰਾਈਵਰਾਂ ਦੀ ਵੀ ਅਣਗਹਿਲੀ ਰਹੀ ਹੈ, ਓਥੇ ਹੀ ਇਨ੍ਹਾਂ ਹਾਦਸਿਆਂ ਲਈ ਸਰਕਾਰ ਅਤੇ ਪ੍ਰਸ਼ਾਸਨ ਵੀ ਜਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਪਿੰਡਾਂ ਦੀਆਂ ਲਿੰਕ ਸੜਕਾਂ ਦੇ ਕਿਨਾਰੇ ਪੂਰੇ ਕਰਵਾਉਣ ਲਈ ਐਸ.ਡੀ.ਐਮ. ਨੂੰ ਮੰਗ ਪੱਤਰ ਵੀ ਦਿੱਤਾ ਗਿਆ ਸੀ ਪਰ ਅਜੇ ਤੱਕ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਜੇਕਰ ਜਲਦੀ ਇਹਨਾਂ ਮਸਲਿਆਂ ਦਾ ਹੱਲ ਨਹੀਂ ਹੁੰਦਾ ਤਾਂ ਉਨ੍ਹਾਂ ਨੂੰ ਮਜਬੂਰਨ ਸੜਕਾਂ ਜਾਮ ਕਰਕੇ ਪ੍ਰਸ਼ਾਸਨ ਦੇ ਕੰਨ ਖੋਲਣੇ ਪੈਣਗੇ।
ਇਸ ਮੌਕੇ ਬੋਲਦਿਆਂ ਸੰਜੀਵ ਕੁਮਾਰ, ਪਵਰਵਿੰਦਰ ਸਿੰਘ, ਹਰਮਿੰਦਰ ਸਿੰਘ, ਜਰਨੈਲ ਸਿੰਘ ਅਤੇ ਸੁਰਜੀਤ ਸਿੰਘ ਭੰਵਰਾ ਨੇ ਬੋਲਦਿਆਂ ਕਿਹਾ ਕਿ ਬੱਚਿਆਂ ਨੂੰ ਘਰ ਤੋਂ ਸਕੂਲ ਅਤੇ ਸਕੂਲ ਤੋਂ ਘਰ ਸੁਰੱਖਿਅਤ ਪਹੁੰਚਾਉਣਾ ਸਾਰੇ ਡਰਾਈਵਰ ਭਰਾਵਾਂ ਦਾ ਪਹਿਲਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਡਰਾਈਵਰ ਭਰਾਵਾਂ ਨੂੰ ਪੂਰੀ ਵਰਦੀ ਪਹਿਨ ਕੇ ਅਤੇ “ਸੇਫ ਸਕੂਲ ਵਾਹਨ” ਪਾਲਿਸੀ ਤਹਿਤ ਸਾਰੀਆ ਸ਼ਰਤਾਂ ਪੂਰੀਆਂ ਕਰਕੇ ਹੀ ਬੱਸਾਂ ਚਲਾਉਣੀਆਂ ਚਾਹੀਦੀਆਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਮਲਜੀਤ ਸਿੰਘ, ਮਨਜੀਤ ਸਿੰਘ ਖਾਨਪੁਰ, ਕਾਕਾ ਬਸੀ ਮੁੱਦਾ, ਤਰਸੇਮ ਸਿੰਘ, ਸੁੱਚਾ ਸਿੰਘ ਅਤੇ ਸੁੱਖਵਿੰਦਰ ਸਿੰਘ ਆਦਿ ਹਾਜਰ ਸਨ।