ਹੁਸ਼ਿਆਰਪੁਰ, 30 ਜੁਲਾਈ (ਰਾਜਪੂਤ)- ਪੰਜਾਬ ਸਰਕਾਰ ਵਲੋਂ ਫ਼ਸਲਾਂ ਦੀ ਰਹਿੰਦ-ਖੂੰਹਦ ਵਿਸ਼ੇਸ਼ ਕਰਕੇ ਝੋਨੇ ਦੀ ਪਰਾਲੀ ਦੀ ਸੰਭਾਲ ਲਈ ਕਰਾਪ ਰੈਜੀਡਿਉੂ ਮੈਨੇਜਮੈਂਟ (ਸੀ.ਆਰ.ਐਮ.) ਸਕੀਮ ਤਹਿਤ ਸਾਲ 2022-23 ਤਹਿਤ ਪਰਾਲੀ ਨਾ ਜਲਾਉਣ ਲਈ ਲਾਭਦਾਇਕ ਖੇਤੀ ਮਸ਼ੀਨਰੀ ਦੀ ਖਰੀਦ ’ਤੇ ਸਬਸਿਡੀ ਪ੍ਰਾਪਤ ਕਰਨ ਲਈ ਬਿਨੈ ਪੱਤਰ ਦੀ ਮੰਗ ਖੇਤੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਵੈਬ ਪੋਰਟਲ https://agrimachinerypb.com ’ਤੇ 15 ਅਗਸਤ ਤੱਕ ਦਿੱਤੇ ਜਾ ਸਕਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਦੇਵ ਸਿੰਘ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਸਾਂਭਣ ਵਾਲੀਆਂ ਮਸ਼ੀਨਾਂ ਜਿਵੇਂ ਕਿ ਸੁਪਰ ਐਸ.ਐਮ.ਐਸ., ਹੈਪੀ ਸੀਡਰ, ਜ਼ੀਰੋ ਟਿੱਲ ਡਰਿੱਲ, ਸੁਪਰ ਸੀਡਰ, ਉਲਟਾਵੇਂ, ਪਲਾਊ, ਹਲ, ਪੈਡੀ ਸਟਰਾਅ ਚੋਪਰ, ਸ਼ਰੈਡਰ, ਮਲਚਰ, ਸ਼ਰਬ ਮਾਸਟਰ, ਰੋਟਰੀ ਸਲੈਸ਼ਰ, ਕਰਾਪ ਰੀਪਰ, ਬੇਲਰ ਤੇ ਰੇਕ ਮਸ਼ੀਨਾਂ ਲਈ ਬਿਨੈ ਪੱਤਰ ਮੰਗੇ ਗਏ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਚਾਹਵਾਨ ਬਿਨੈਕਾਰ ਵਿਅਕਤੀਗਤ ਕਿਸਾਨ, ਰਜਿਸਟਰਡ ਫਾਰਮਰ ਗਰੁੱਪ, ਪੰਚਾਇਤ, ਸਹਿਕਾਰੀ ਸਭਾ ਅਤੇ ਕਿਸਾਨ ਨਿਰਮਾਤਾ ਸੰਗਠਨ, ਐਫ.ਪੀ.ਓ. ਵਲੋਂ ਵਿਭਾਗ ਦੇ ਵੈਬ ਪੋਰਟਲ ’ਤੇ ਜਾ ਕੇ ਆਲਲਾਈਨ ਅਪਲਾਈ ਕੀਤਾ ਜਾ ਸਕਦਾ ਹੈ।
ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਰਜਿਸਟਰਡ ਕਰਨ ਸਮੇਂ ਪੋਰਟਲ ’ਤੇ ਦਰਜ ਨਿਯਮ ਅਤੇ ਸ਼ਰਤਾਂ ਦਾ ਖਾਸ ਧਿਆਨ ਰੱਖਿਆ ਜਾਵੇ, ਤਾਂ ਜੋ ਯੋਗ ਕਿਸਾਨ ਹੀ ਇਸ ਸਕੀਮ ਦਾ ਲਾਭ ਲੈ ਸਕਣ। ਉਨ੍ਹਾਂ ਕਿਹਾ ਕਿ ਅਪਲਾਈ ਕਰਦੇ ਸਮੇਂ ਬਿਨੈਕਾਰ ਕੋਲ ਅਧਾਰ ਕਾਰਡ, ਪਾਸਪੋਰਟ ਸਾਈਜ਼ ਫੋਟੋ, ਸਵੈ ਘੋਸ਼ਣਾ ਪੱਤਰ, ਕਿਸਾਨ ਗਰੁੱਪ, ਕੋਅਪਰੇਟਿਵ ਸੋਸਾਇਟੀ ਰਜਿਸਟਰੇਸ਼ਨ ਸਰਟੀਫਿਕੇਟ (ਜੇਕਰ ਕਿਸਾਨ ਸਮੂਹ, ਕੋਅਪਰੇਟਿਵ ਸੋਸਾਇਟੀ ਵਲੋਂ ਅਪਲਾਈ ਕੀਤਾ ਗਿਆ ਹੈ), ਬੈਂਕ ਖਾਤਾ ਪਾਸਬੁੱਕ (ਵਿਅਕਤੀਗਤ ਕਿਸਾਨ, ਰਜਿਸਟਰਡ ਕਿਸਾਨ ਸਮੂਹ, ਗ੍ਰਾਮ ਪੰਚਾਇਤ, ਕੋਅਪਰੇਟਿਵ ਸੋਸਾਇਟੀ, ਐਫ.ਪੀ.ਓ. ਦੇ ਨਾਮ ’ਤੇ), ਪੈਨ ਕਾਰਡ (ਜੇਕਰ ਕਿਸਾਨ ਗਰੁੱਪ, ਕੋਅਪਰੇਟਿਵ ਸੋਸਾਇਟੀ ਐਫ.ਪੀ.ਓ. ਵਲੋਂ ਦਿੱਤਾ ਜਾਣਾ ਹੈ), ਅਨੁਸੂਚਿਤ ਜਾਤੀ ਸਰਟੀਫਿਕੇਟ (ਜੇਕਰ ਕਿਸਾਨ ਗਰੁੱਪ ਅਨੁਸੂਚਿਤ ਜਾਤੀ ਨਾਲ ਸਬੰਧਤ ਹੈ) ਆਦਿ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਕਿਸਾਨ ਗਰੁੱਪ, ਕੋਅਪਰੇਟਿਵ ਸੋਸਾਇਟੀ, ਐਫ.ਪੀ.ਓ., ਸਹਿਕਾਰੀ ਸਭਾ ਦੇ ਪ੍ਰਮੁੱਖ ਅਤੇ ਦੋ ਹੋਰ ਮੈਂਬਰਾਂ ਦਾ ਆਧਾਰ ਨੰਬਰ ਆਦਿ ਦਾ ਵਿਵਰਣ ਪੋਰਟਲ ’ਤੇ ਦਰਜ਼ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੋਰਟਲ ’ਤੇ ਦਰਜ ਕੀਤਾ ਜਾਣਾ ਵਾਲਾ ਮੋਬਾਇਲ ਨੰਬਰ ਚਾਲੂ ਹਾਲਤ ਵਿਚ ਹੋਣਾ ਜ਼ਰੂਰੀ ਹੈ, ਤਾਂ ਜੋ ਪੋਰਟਲ ਵਲੋਂ ਸਮੇਂ-ਸਮੇਂ ’ਤੇ ਭੇਜੇ ਜਾਣ ਵਾਲੇ ਵਨ ਟਾਈਮ ਪਾਸਵਰਡ (ਓ.ਟੀ.ਪੀ.) ਜਾਂ ਹੋਰ ਸੰਦੇਸ਼ ਬਿਨੈਕਾਰ ਨੂੰ ਉਸ ਦ ਮੋਬਾਇਲ ’ਤੇ ਪ੍ਰਾਪਤ ਹੋ ਸਕਣ। ਉਨ੍ਹਾਂ ਦੱਸਿਆ ਕਿ ਆਨਲਾਈਨ ਅਪਲਾਈ ਪ੍ਰਾਪਤ ਹੋਣ ਤੋਂ ਬਾਅਦ ਸਕੀਮ ਦੀਆਂ ਹਦਾਇਤਾਂ ਅਨੁਸਾਰ ਯੋਗ ਬਿਨੈਕਾਰ ਨੂੰ ਮਸ਼ੀਨ ਦੀ ਖਰੀਦ ਸਬੰਧੀ ਮਨਜ਼ੂਰੀ ਪੱਤਰ ਵੀ ਆਨਲਾਈਨ ਹੀ ਜਾਰੀ ਕੀਤੇ ਜਾਣਗੇ, ਜਿਸ ਉਪਰੰਤ ਕਿਸਾਨ ਪੋਰਟਲ ’ਤੇ ਦਰਜ ਕਿਸੇ ਵੀ ਮਸ਼ੀਨਰੀ ਨਿਰਮਾਤਾ, ਡੀਲਰ ਨਾਲ ਆਪਣੀ ਮਰਜ਼ੀ ਅਨੁਸਾਰ ਮਨਜ਼ੂਰ ਕੀਤੀ ਗਈ ਮਸ਼ੀਨ ਦੀ ਖਰੀਦ ਕਰ ਸਕਣਗੇ।
ਡਾ. ਗੁਰਦੇਵ ਸਿੰਘ ਨੇ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਕਿਸਾਨ ਇਸ ਸਕੀਮ ਦਾ ਲਾਭ ਲੈਣ ਤਾਂ ਜੋ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਪ੍ਰਥਾ ’ਤੇ ਨਕੇਲ ਪਾਈ ਜਾ ਸਕੇ ਅਤੇ ਵਾਤਾਵਰਣ ਵਿਚ ਫੈਲਣ ਵਾਲੇ ਹਵਾ ਪ੍ਰਦੂਸ਼ਣ, ਧਰਤੀ ਦੀ ਉਪਜਾਊ ਸ਼ਕਤੀ, ਮਨੁੱਖ ਅਤੇ ਹੋਰ ਜੀਵ ਜੰਤੂਆਂ ਦੀ ਸਿਹਤ ’ਤੇ ਹੋਦ ਵਾਲੇ ਮਾੜੇ ਪ੍ਰਭਾਵਾਂ ਨੂੰ ਰੋਕਿਆ ਜਾ ਸਕੇ। ਵਧੇਰੇ ਜਾਣਕਾਰੀ ਲਈ ਕੋਈ ਵੀ ਤਕਨੀਕੀ ਜਾਂ ਗੈਰ ਤਕਨੀਕੀ ਮੁਸ਼ਕਲ ਆਉਣ ’ਤੇ ਕਿਸਾਨ ਸਬੰਧਤ ਬਲਾਕ ਖੇਤੀਬਾੜੀ ਅਫ਼ਸਰ ਨਾਲ ਸੰਪਰਕ ਕਰ ਸਕਦੇ ਹਨ। ਬਲਾਕ ਭੂੰਗਾ ਲਈ 98761 96210, ਦਸੂਹ ਲਈ 98550 03462, ਗੜ੍ਹਸ਼ੰਕਰ ਲਈ 79865 17309, ਹਾਜੀਪੁਰ ਲਈ 98724 95337, ਹੁਸ਼ਿਆਰਪੁਰ-1 ਲਈ 88474 88119, ਹੁਸ਼ਿਆਰਪੁਰ-2 ਲਈ 78375 95048, ਮਾਹਿਲਪੁਰ ਲਈ 95015 82430, ਮੁਕੇਰੀਆਂ ਲਈ 94171 82016, ਤਲਵਾੜਾ ਲਈ 87259 53339 ਅਤੇ ਟਾਂਡਾ ਲਈ 94655 80153 ’ਤੇ ਸੰਪਰਕ ਕੀਤਾ ਜਾ ਸਕਦਾ ਹੈ।