ਹੁਸ਼ਿਆਰਪੁਰ, 28 ਜੁਲਾਈ (ਰਾਜਪੂਤ)- ਸਕੂਲ ਬੱਸ ਅਪਰੇਟਰ ਸੰਘਰਸ਼ ਕਮੇਟੀ, ਪੰਜਾਬ ਦੇ ਕੌਮੀ ਪ੍ਰਧਾਨ ਸੁਖਮਨ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਜਥੇਬੰਦੀ ਦਾ ਇੱਕ ਵਫ਼ਦ ਅੱਜ ਐਸ.ਡੀ. ਐਮ. ਨੂੰ ਮੰਗ ਪੱਤਰ ਦੇਣ ਹੁਸ਼ਿਆਰਪੁਰ ਦਫ਼ਤਰ ਪਹੁੰਚਿਆ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੁਖਮਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਪਿੰਡਾਂ ਦੀਆਂ ਲਿੰਕ ਸੜਕਾਂ ਦੇ ਦੁਆਲੇ ਕਿਨਾਰਿਆਂ ਨੂੰ ਲੋਕਾਂ ਵਲੋਂ ਵਾਹ-ਵਾਹ ਕੇ ਆਪਣੇ ਖੇਤਾਂ ਵਿੱਚ ਰਲਾ ਲਿਆ ਗਿਆ ਹੈ, ਜਿਸ ਕਰਕੇ ਕਿਸੇ ਗੱਡੀ ਨੂੰ ਤਾਂ ਕੀ ਸਕੂਟਰ ਤੱਕ ਨੂੰ ਵੀ ਪਾਸ ਕਰਨਾ ਔਖਾ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਹੋਏ ਸਕੂਲ ਬੱਸਾਂ ਦੇ ਹਾਦਸਿਆਂ ਦਾ ਇਹ ਵੀ ਇੱਕ ਵੱਡਾ ਕਾਰਨ ਹੈ। ਅੱਗੇ ਤੋਂ ਅਜਿਹੇ ਹਾਦਸੇ ਨਾ ਵਾਪਰਨ ਇਸ ਕਰਕੇ ਨਾਇਬ ਤਹਿਸੀਲਦਾਰ ਰਜਿੰਦਰ ਸਿੰਘ ਰਾਹੀਂ ਐਸ.ਡੀ.ਐਮ. ਸ਼ਿਵਰਾਜ ਸਿੰਘ ਬੱਲ ਨੂੰ ਜਿਲ੍ਹੇ ਦੀਆਂ ਸਾਰੀਆ ਲਿੰਕ ਸੜਕਾਂ ਦੇ ਕਿਨਾਰੇ ਪੂਰੇ ਕਰਵਾਉਣ ਲਈ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਜਗਮੋਹਣ ਸਿੰਘ ਡੱਲੇਵਾਲ, ਕਮਲਜੀਤ ਸਿੰਘ ਪੱਟੀ, ਹਰਿੰਦਰ ਸਿੰਘ, ਹਰਮਿੰਦਰ ਸਿੰਘ, ਲਖਵੀਰ ਸਿੰਘ, ਚਰਨਜੀਤ ਸਿੰਘ, ਕੁਲਵਿੰਦਰ ਸਿੰਘ, ਮਨਜੀਤ ਸਿੰਘ, ਜੈਕਬ, ਜਸਦੀਪ ਸਿੰਘ, ਸੰਦੀਪ ਸਿੰਘ, ਜਰਨੈਲ ਸਿੰਘ, ਮਨਿੰਦਰ ਸਿੰਘ ਅਤੇ ਸਤਨਾਮ ਸਿੰਘ ਸਮੇਤ ਭਾਰੀ ਗਿਣਤੀ ਵਿੱਚ ਸਕੂਲ ਬੱਸਾਂ ਦੇ ਅਪਰੇਟਰ ਹਾਜਰ ਸਨ।