ਤਲਵਾੜਾ, 23 ਜੁਲਾਈ (ਬਲਦੇਵ ਰਾਜ ਟੋਹਲੂ)- ਬਲਾਕ ਤਲਵਾੜਾ ਅਧੀਨ ਆਉਂਦੀਆਂ ਮੁੱਖ ਅਤੇ ਪੇਂਡੂ ਲਿੰਕ ਸੜਕਾਂ ਦੇ ਬਰਮਾਂ ’ਤੇ ਉੱਗੀ ਭੰਗ-ਬੂਟੀ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ। ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਭੰਗ-ਬੂਟੀ ਸਾਫ਼ ਕਰਵਾਉਣ ਦੀ ਮੰਗ ਕੀਤੀ ਹੈ। ਤਲਵਾੜਾ-ਮੁਕੇਰੀਆਂ ਅਤੇ ਤਲਵਾੜਾ- ਦੌਲਤਪੁਰ, ਅੱਡਾ ਝੀਰ ਦਾ ਖੂਹ, ਕਮਾਹੀ ਦੇਵੀ ਅਤੇ ਕਮਾਹੀ ਦੇਵੀ ਤੋਂ ਢੋਲਵਾਹਾ, ਹਾਜੀਪੁਰ-ਦਸੂਹਾ ਵਾਇਆ ਨੰਗਲ ਘੋਗਰਾ ਸਮੇਤ ਪੇਂਡੂ ਲਿੰਕ ਦੇ ਬਰਮ ਭੰਗ ਬੂਟੀ ਨਾਲ ਭਰੇ ਪਏ ਹਨ। ਸੜਕਾਂ ਦੇ ਬਰਮ ਭੰਗ ਬੂਟੀ ਦੀ ਭਰਮਾਰ ਕਾਰਨ ਅਵਾਰਾ ਪਸ਼ੂਆਂ ਅਤੇ ਜੰਗਲੀ ਜਾਨਵਰਾਂ ਦੀ ਛੁਪਛਣਗਾਹ ਬਣੇ ਹੋਏ ਹਨ। ਜੋ ਨਿੱਤ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਬਰਸਾਤ ਦੇ ਮੌਸਮ ’ਚ ਝਾੜੀਆਂ’ਚ ਬੈਠੇ ਜ਼ਹਿਰੀਲੇ ਜੀਵ ਪੈਦਲ ਰਾਹਗੀਰਾਂ ਲਈ ਜਾਨ ਦਾ ਖੌਅ ਬਣ ਸਕਦੇ ਹਨ। ਪੰਚਾਇਤ ਯੂਨੀਅਨ ਤਲਵਾੜਾ ਦੇ ਪ੍ਰਧਾਨ ਨਵਲ ਕਿਸ਼ੋਰ ਮਹਿਤਾ ਅਤੇ ਸਕੱਤਰ ਕੁਲਦੀਪ ਭੰਬੋਤਾਡ਼ ਨੇ ਪੰਚਾਇਤੀ ਵਿਭਾਗ ਤੋਂ ਪੇਂਡੂ ਸੜਕਾਂ ਦੇ ਬਰਮਾਂ ਦੀ ਸਾਫ਼ ਸਫਾਈ ਕਰਵਾਉਣ ਅਤੇ ਉਨ੍ਹਾਂ ਨੂੰ ਭਰਨ ਲਈ ਮਨਰੇਗਾ ਅਧੀਨ ਲੋੜੀਂਦੇ ਫੰਡ ਜਾਰੀ ਕਰਨ ਦੀ ਮੰਗ ਕੀਤੀ ਹੈ। ਉਥੇ ਹੀ ਸਿਵਲ ਸੁਸਾਇਟੀ ਤਲਵਾੜਾ ਦੇ ਆਗੂ ਯੁਗਰਾਜ ਸਿੰਘ, ਜਨਤਕ ਜੱਥੇਬੰਦੀਆਂ ਦੇ ਸਾਂਝੇ ਫਰੰਟ ਦੇ ਆਗੂ ਸ਼ਿਵ ਕੁਮਾਰ ਅਮਰੋਹੀ ਤੇ ਦੇਸ਼ ਭਗਤ ਪੰਡਿਤ ਕਿਸ਼ੋਰੀ ਲਾਲ ਯਾਦਗਾਰ ਕਮੇਟੀ ਦੇ ਆਗੂ ਗਿਆਨ ਸਿੰਘ ਗੁਪਤਾ ਤੇ ਵਰਿੰਦਰ ਵਿੱਕੀ ਨੇ ਸਰਕਾਰ ਤੋਂ ਮੁੱਖ ਸੜਕਾਂ ਦੇ ਬਰਮ ਤੁਰੰਤ ਖਾਲੀ ਕਰਵਾ ਕੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਦੀ ਅਪੀਲ ਕੀਤੀ ਹੈ।