ਤਲਵਾੜਾ, 23 ਜੁਲਾਈ (ਬਲਦੇਵ ਰਾਜ ਟੋਹਲੂ)- ਹਲਕਾ ਦਸੂਹਾ ਵਿਧਾਇਕ ਐਡ. ਕਰਮਵੀਰ ਘੁੰਮਣ ਵੱਲੋਂ ਅੱਜ ਸੀ.ਐਚ.ਸੀ. ਭੋਲ ਕਲੌਤਾ ਦਾ ਦੌਰ੍ਹਾ ਕੀਤਾ ਗਿਆ। ਸਿਹਤ ਕੇਂਦਰ ’ਚ 8.50 ਲੱਖ ਰੁਪਏ ਦੀ ਲਾਗਤ ਨਾਲ ਲਿਆਂਦੀ ਨਵੀਂ ਡਿਜ਼ੀਟਲ ਐਕਸਰੇ ਮਸ਼ੀਨ ਦਾ ਉਦਘਾਟਨ ਕੀਤਾ। ਇਸ ਤੋਂ ਪਹਿਲਾਂ ਹਸਪਤਾਲ ਪਹੁੰਚਣ ’ਤੇ ਐਸ.ਐਮ.ਓ. ਡਾ.ਅਨੁਪਿੰਦਰ ਮਠੌਣ ਦੀ ਡਾਕਟਰ ਲਸ਼ਕਰ ਸਿੰਘ ਅਗਵਾਈ ’ਚ ਸਿਹਤ ਕੇਂਦਰ ਦੇ ਡਾਕਟਰਾਂ ਅਤੇ ਹੋਰ ਸਟਾਫ਼ ਵੱਲੋਂ ਵਿਧਾਇਕ ਘੁੰਮਣ ਦਾ ਸਵਾਗਤ ਕੀਤਾ ਗਿਆ। ਉਪਰੰਤ ਵਿਧਾਇਕ ਘੁੰਮਣ ਨੇ ਹਸਪਤਾਲ ਦਾ ਦੌਰ੍ਹਾ ਕੀਤਾ ਅਤੇ ਸਿਹਤ ਕੇਂਦਰ ਦੀਆਂ ਸਮਸਿਆਵਾਂ ਬਾਰੇ ਜਾਣਕਾਰੀ ਹਾਸਲ ਕੀਤੀ। ਸੀਨੀਅਰ ਡਾਕਟਰ ਲਸ਼ਕਰ ਨੇ ਦੱਸਿਆ ਕਿ ਤਲਵਾੜਾ-ਦੌਲਤਪੁਰ ਸੜਕ ਮਾਰਗ ’ਤੇ ਪਿੰਡ ਭੋਲ ਕਲੌਤਾ ’ਚ ਪੈਂਦਾ ਰਾਕੇਸ਼ ਅਜੇ ਕਮਿਉਨਿਟੀ ਸਿਹਤ ਕੇਂਦਰ ਨੇਡ਼ਲੇ ਕਰੀਬ 70 ਪਿੰਡਾਂ ਨੂੰ ਸੇਵਾ ਦੇ ਰਿਹਾ ਹੈ। ਸਿਹਤ ਕੇਂਦਰ ’ਚ ਮੈਡੀਕਲ ਅਫ਼ਸਰਾਂ ਦੀ ਕੁੱਲ 6 ਵਿੱਚੋਂ ਦੋ ਪੋਸਟਾਂ ਖਾਲੀ ਪਈਆਂ ਹੋਈਆਂ ਹਨ। ਦਰਜਾ ਚਾਰ ਮੁਲਾਜ਼ਮਾਂ ਦੀਆਂ 6 ਵਿੱਚੋਂ ਤਿੰਨ, ਸਫ਼ਾਈ ਸੇਵਕਾਂ ਦੀਆਂ ਤਿੰਨ ਵਿੱਚੋਂ 2, ਲੈਬ ਟੈਕਨਿਸ਼ੀਅਨਾਂ ਦੀਆਂ ਦੋ ਵਿੱਚੋਂ ਇੱਕ ਅਸਾਮੀਆਂ ਖਾਲੀ ਪਈਆਂ ਹੋਈਆਂ ਹਨ। ਅਲਟਰਾ ਸਾਉਂਡ ਮਸ਼ੀਨ ਰੇਡਿਓਲੋਜਿਸਟ ਦੀ ਪੋਸਟ ਖਾਲੀ ਹੋਣ ਕਾਰਨ ਬੰਦ ਪਈ ਹੋਈ ਹੈ। ਲੰਮੇ ਅਰਸੇ ਤੋਂ ਹਸਪਤਾਲ ਦੀ ਇਮਾਰਤ ਦੀ ਮੁਰੰਮਤ ਨਾ ਹੋਣ ਕਾਰਨ ਬਾਹਰਲੇ ਪਾਸੇ ਲੱਗੀਆਂ ਟਾਈਲਾਂ ਡਿੱਗ ਰਹੀਆਂ ਹਨ, ਅੰਦਰ ਕਮਰਿਆਂ ਵਿੱਚ ਵੀ ਸਲਾਬ੍ਹ ਹੈ। ਪਾਣੀ ਦੀ ਨਿਕਾਸੀ ਦਾ ਯੋਗ ਪ੍ਰਬੰਧ ਨਹੀਂ ਹੈ। ਸਰਜਰੀ, ਹੱਡੀਆਂ, ਬੱਚਿਆਂ ਅਤੇ ਜਨਾਨਾ ਰੋਗਾਂ ਦੇ ਡਾਕਟਰ ਨਾ ਹੋਣ ਕਾਰਨ ਲੋਕਾਂ ਨੂੰ ਖੁਆਰ ਹੋਣਾ ਪੈਂਦਾ ਹੈ। ਤਲਵਾੜਾ ’ਚ ਬਲੱਡ ਬੈਂਕ ਨਾ ਹੋਣ ਕਾਰਨ ਉਹ 40 ਤੋਂ 45 ਕਿਲੋਮੀਟਰ ਦੂਰ ਮੁਕੇਰੀਆਂ, ਦਸੂਹਾ ਆਦਿ ਸਥਿਤ ਬਲੱਡ ਬੈਂਕਾਂ ’ਤੇ ਨਿਰਭਰ ਹਨ। ਵਿਧਾਇਕ ਘੁੰਮਣ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ’ਚ ਲੋਕਾਂ ਨੂੰ ਮਿਆਰੀ ਸਿਹਤ ਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਨਵੀਂ ਭਰਤੀ ਦਾ ਅਮਲ ਸ਼ੁਰੂ ਕਰ ਦਿੱਤਾ ਗਿਆ ਹੈ, ਜ਼ਲਦ ਹੀ ਸਰਕਾਰੀ ਹਸਪਤਾਲਾਂ ’ਚ ਸਾਜੋ ਸਮਾਨ ਦੀ ਘਾਟ ਨੂੰ ਵੀ ਪੂਰਾ ਕਰ ਕੀਤਾ ਜਾ ਰਿਹਾ ਹੈ।